ਸ਼ਹੀਦੀ ਸਮਾਗਮ ਸਬੰਧੀ ਦਿੱਲੀ ਕਮੇਟੀ ਨੂੰ ਦਿੱਤੇ ਜਾਣਗੇ 2 ਕਰੋੜ
ਗੜ੍ਹੀ ਗੁਰਦਾਸ ਨੰਗਲ ਵਿਖੇ ਕਿਲ੍ਹਾ ਉਸਾਰਨ ਦੇ ਨਾਲ ਬੀਬੀ ਅੱਤੋ ਜੀ ਦੇ ਗੁਰਦੁਆਰਾ ਸਾਹਿਬ ਦਾ ਕੀਤਾ ਜਾਵੇਗਾ ਨਵ-ਨਿਰਮਾਣ – ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ : 21 ਮਈ ( ) ਮਹਾਨ ਜਰਨੈਲ ਤੇ ਪਹਿਲੇ ਸਿੱਖ ਹੁਕਮਰਾਨ ਬਾਬਾ ਬੰਦਾ ਸਿੰਘ ਜੀ ਬਹਾਦਰ, ਉਨ੍ਹਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦ ਸਿੰਘਾਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੀ ਪਹਿਲੇ ਦਿਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਗੜ੍ਹੀ ਗੁਰਦਾਸ ਨੰਗਲ (ਗੁਰਦਾਸਪੁਰ) ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਕੰਵਲਜੀਤ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਬਨਾਉਣ ਅਤੇ ਸ਼ਤਾਬਦੀਆਂ ਮਨਾਉਣ ਦਾ ਮੌਕਾ ਕਰਮਾ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਲੈਣ ਉਪਰੰਤ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦਾ ਬਦਲਾ ਲਿਆ, ਵਜੀਦੇ ਨੂੰ ਮਾਰਿਆ ਤੇ ਸਿਰਹੰਦ ਦੀ ਇੱਟ ਨਾਲ ਇੱਟ ਖੜਕਾਈ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਬਾਬਾ ਜੀ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਰਹੇ। ਇਥੋਂ ਹੀ 740 ਸਿੰਘਾਂ ਸਮੇਤ ਗ੍ਰਿਫ਼ਤਾਰੀ ਦਿੱਤੀ । ਸਿੰਘਾਂ ਦੇ ਸੀਸ ਕਤਲ ਕਰਕੇ ਗੱਡੇ ਵਿੱਚ ਲੱਦ ਕੇ ਦਿੱਲੀ ਲਿਜਾਏ ਗਏ ਤੇ ਨਾਲ-ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਵਿੱਚ ਕੈਦ ਕਰਕੇ ਜਲੂਸ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਬਾਬਾ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ ਦਾ ਕਾਲਜਾ ਉਨ੍ਹਾਂ ਦੇ ਸਾਹਮਣੇ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ। ਬਾਬਾ ਜੀ ਦਾ ਮਾਸ ਜਮੂਰਾਂ ਨਾਲ ਨੋਚ-ਨੋਚ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਇਕ ਐਸੀ ਮਿਸਾਲ ਹੈ ਜੋ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਦੁੱੱਤੀ ਸ਼ਹਾਦਤ ਤੇ ਚਾਨਣਾ ਪਾਉਣ ਦੇ ਨਾਲ-ਨਾਲ ਨਗਰ-ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ, ਸਮੁਹ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਕੀਰਤਨ ਤੇ ਹੋਰ ਸਮਾਗਮਾਂ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਓਥੇ ਦਿਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਵਿਖੇ ਵਿਸ਼ੇਸ਼ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਅਹਿਮ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੋਰ ਸੰਸਥਾ ਹੋਣ ਦੇ ਨਾਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸ਼ਤਾਬਦੀ ਸਮਾਗਮ ਮਨਾਉਣ ਲਈ 2 ਕਰੋੜ ਰੁਪਏ ਦੀ ਸਹਾਇਤਾ ਦੇਵੇਗੀ। ਉਨ੍ਹਾਂ ਕਿਹਾ ਕਿ ਸੰਨ 2010 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਤਾਜਾ ਕਰਦਿਆਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਰਹੰਦ ਫਤਿਹ ਦਿਵਸ ਮਨਾਉਣ ਦਾ ਆਯੋਜਨ ਕੀਤਾ ਗਿਆ ਸੀ ਅਤੇ ਉਦੋਂ ਵੀ ਬਹੁਤ ਵੱਡਾ ਮਾਰਚ ਕੱਢਿਆ ਗਿਆ ਸੀ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਵਿਖੇ ਕਮਿਸ਼ਨ ਆਫੀਸਰ ਬਨਣ ਲਈ 95% ਦੇ ਕਰੀਬ ਵਿਦਿਆਰਥੀ ਦਾਖਲਾ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਲਖਤੇ ਜਿਗਰ ਉਨ੍ਹਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਦੇ ਨਾਮ ਤੇ ਸਕੂਲ ਤੇ ਕਾਲਜ ਬਨਾਉਣ ਦੇ ਨਾਲ-ਨਾਲ ਜਥੇਦਾਰ ਸੁੱਚਾ ਸਿੰਘ ਲੰਗਾਹ ਵੱਲੋਂ ਪਿੰਡ ਦੀਆਂ ਸੰਗਤਾਂ ਦੀ ਪੁਰਜੋਰ ਮੰਗ ਤੇ ਗੁਰਦੁਆਰਾ ਸਾਹਿਬ ਗੜ੍ਹੀ ਗੁਰਦਾਸ ਨੰਗਲ ਵਿਖੇ ਕਿਲ੍ਹੇ ਦੀ ਉਸਾਰੀ ਕੀਤੀ ਜਾਵੇਗੀ ਜਿਸ ਦਾ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਇਕ ਹੋਰ ਅਹਿਮ ਐਲਾਨ ਕਰਦਿਆਂ ਕਿਹਾ ਕਿ ਮਾਤਾ ਅੱਤੋ ਜੀ ਜਿਨ੍ਹਾਂ ਗੁਰਦੁਆਰਾ ਗੜ੍ਹੀ ਗੁਰਦਾਸ ਨੰਗਲ ਲਈ 70 ਕਿੱਲੇ ਜ਼ਮੀਨ ਦਾਨ ਕੀਤੀ ਸੀ ਦੇ ਨਾਮ ਤੇ ਬਣੇ ਗੁਰਦੁਆਰਾ ਸਾਹਿਬ ਦਾ ਨਵ-ਨਿਰਮਾਣ ਕੀਤਾ ਜਾਵੇਗਾ। ਉਕਤ ਦੋਵੇਂ ਸਖਸ਼ੀਅਤਾਂ ਦੇ ਇਲਾਵਾ ਨਗਰ ਕੀਰਤਨ ਦੇ ਪ੍ਰਬੰਧਕ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ
ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕਰਨ ਉਪਰੰਤ ਗੁਰਦਾਸ ਨੰਗਲ ਦੀ ਪੁਲੀਸ ਫੋਰਸ ਵੱਲੋਂ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਹੁਤ ਵੱਡੇ ਕਾਫ਼ਲੇ ਦੇ ਰੂਪ ਵਿੱੱਚ ਨਗਰ ਕੀਰਤਨ ਰਵਾਨਾ ਕੀਤਾ ਗਿਆ। ਪਾਲਕੀ ਵਾਲੀ ਗੱਡੀ ਦੇ ਪਿੱਛੇ-ਪਿੱਛੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ, ਕੰਘਾ ਤੇ ਕੇਸਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ ਵੀ ਨਾਲ-ਨਾਲ ਚੱਲ ਰਹੀ ਸੀ। ਅੱਗੇ-ਅੱਗੇ ਬਾਬਾ ਅਵਤਾਰ ਸਿੰਘ ਬਿਧੀ ਚੰਦੀਏ ਦੇ ਜਥੇ ਵੱਲੋਂ ਹਾਥੀ ਘੋੜਿਆਂ ਤੇ ਸਵਾਰ ਗੁਰੂ ਕੀਆਂ ਲਾਡਲੀਆਂ ਫੌਜਾਂ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਦੀਆਂ ਜਾ ਰਹੀਆਂ ਸਨ ਤੇ ਪਿੱਛੇ-ਪਿੱਛੇ ਸਕੂਲਾਂ ਦੇ ਬੱਚੇ ਬੱਚੀਆਂ ਸੁੰਦਰ ਡਰੈਸਾਂ ਵਿੱਚ ਆਪਣੇ ਬੈਂਡ ਨਾਲ ਜਾ ਰਹੀਆਂ ਸਨ। ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਕੜਾਕੇ ਦੀ ਗਰਮੀ ਵਿੱਚ ਵੀ ਚੜ੍ਹਦੀ ਕਲਾ ਦਾ ਸੰਕੇਤ ਦੇ ਰਹੀਆਂ ਸਨ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਇੱਕ ਅਨੋਖਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਗੁਰੂ ਘਰ ਨਾਲ ਸ਼ਰਧਾ ਰੱਖਣ ਵਾਲਿਆਂ ਵੱਲੋਂ ਜਗ੍ਹਾ-ਜਗ੍ਹਾ ਲੰਗ ਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਸਨ।
ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਗੜ੍ਹੀ ਗੁਰਦਾਸ ਨੰਗਲ ਤੋਂ ਚੱਲ ਕੇ ਲੰਗਾਹ, ਜੌੜਾ ਛਤਰਾ, ਬੋਪਾਰਾਏ, ਸੰਗਤਪੁਰਾ, ਦੌਲਤ ਪੁਰ, ਕਲਾਨੌਰ, ਹਰੀਮਾਬਾਦ, ਅਦਾਲਤਪੁਰਾ, ਦੇਹੜ ਗਵਾਰ, ਅਠਵਾਲ, ਕੋਟਲੀ ਸੂਰਤ ਮੱਲੀ, ਡੇਰਾ ਪਠਾਨਾ, ਸ਼ਿਕਾਰ ਮਾਛੀਆ, ਚਾਕਾ ਵਾਲੀ, ਕਾਹਲਾਂ ਵਾਲੀ, ਡੇਰਾ ਬਾਬਾ ਨਾਨਕ, ਠੇਠਨਕੇ, ਧਰਮਕੋਟ, ਝੰਗੀ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਵਿਖੇ ਕਰੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਤਨ ਸਿੰਘ ਜੱਫਰਵਾਲ, ਸ੍ਰ: ਗੁਰਿੰਦਰਪਾਲ ਸਿੰਘ ਗੋਰਾ, ਸ੍ਰ: ਸੱਜਣ ਸਿੰਘ ਬੱਜੂਮਾਨ, ਸ੍ਰ: ਗੁਰਨਾਮ ਸਿੰਘ ਜੱਸਲ, ਸ੍ਰ: ਕਸ਼ਮੀਰ ਸਿੰਘ ਬਰਿਆਰ, ਸ੍ਰ: ਬਖਸ਼ੀਸ਼ ਸਿੰਘ ਧੰਨਵਾਲੀ ਸਾਬਕਾ ਮੈਂਬਰ ਅੰਤ੍ਰਿੰਗ ਕਮੇਟੀ, ਸ. ਅਮਰੀਕ ਸਿੰਘ ਵਿਛੋਆ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਸੁਖਜਿੰਦਰ ਸਿੰਘ ਲੰਗਾਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ੍ਰ: ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਸ੍ਰ: ਜਗਜੀਤ ਸਿਘ ਮੀਤ ਸਕੱਤਰ, ਸ੍ਰ: ਸੰਤੋਖ ਸਿੰਘ, ਸ੍ਰ: ਕੁਲਵਿੰਦਰ ਸਿੰਘ, ਸ੍ਰ: ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਮਨਜੀਤ ਸਿੰਘ ਇੰਚਾਰਜ, ਸ੍ਰ: ਹਰਜਿੰਦਰ ਸਿੰਘ, ਸ੍ਰ: ਪ੍ਰਮਜੀਤ ਸਿੰਘ, ਸ੍ਰ: ਸੁਖਰਾਜ ਸਿੰਘ, ਸ੍ਰ: ਹਰਪ੍ਰੀਤ ਸਿੰਘ ਵਧੀਕ ਮੈਨੇਜਰ, ਸ੍ਰ: ਰੇਸ਼ਮ ਸਿੰਘ ਗੁਰਦੁਆਰਾ ਇੰਸਪੈਕਟਰ, ਸ੍ਰ: ਕੁੰਦਨ ਸਿੰਘ ਸੁਪਰਵਾਈਜ਼ਰ, ਸ੍ਰ: ਬਲਕਾਰ ਸਿੰਘ, ਸ੍ਰ: ਰਛਪਾਲ ਸਿੰਘ ਇੰਚਾਰਜ, ਸ੍ਰ: ਨਿਸ਼ਾਨ ਸਿੰਘ ਮੈਨੇਜਰ ਗੁਰਦੁਆਰਾ ਬਾਰਠ ਸਾਹਿਬ, ਸ੍ਰ: ਜਗਦੀਸ਼ ਸਿੰਘ ਮੈਨੇਜਰ ਗੁਰਦੁਆਰਾ ਬੁਰਜ ਸਾਹਿਬ, ਸ੍ਰ: ਗੁਰਤਿੰਦਰਪਾਲ ਸਿੰਘ ਮੈਨੇਜਰ ਗੁਰਦੁਆਰਾ ਕੰਧ ਸਾਹਿਬ, ਸ੍ਰ: ਕੁਲਵੰਤ ਸਿੰਘ ਮੈਨੇਜਰ ਗੁਰਦੁਆਰਾ ਸਤਿਕਰਤਾਰੀਆਂ, ਸ੍ਰ: ਗੁਰਦੇਵ ਸਿੰਘ ਮੈਨੇਜਰ ਗੁਰਦੁਆਰਾ ਡੇਰਾ ਬਾਬਾ ਨਾਨਕ, ਸ੍ਰ: ਮੇਜਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਪਾ: ਨੌਵੀਂ ਬਾਬਾ ਬਕਾਲਾ ਸਾਹਿਬ, ਸ੍ਰ: ਦਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਤੇਜਾ ਕਲਾਂ, ਸ੍ਰ: ਜਗਦੀਸ਼ ਸਿੰਘ ਮੈਨੇਜਰ ਗੁਰਦੁਆਰਾ ਹੋਠੀਆਂ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।