ਕੇਂਦਰੀ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਜੈ ਰਾਮ ਗਡਕਰੀ ਨੂੰ ਪੱਤਰ ਲਿਖਿਆ
ਅੰਮ੍ਰਿਤਸਰ ੧੯ ਨਵੰਬਰ ( ) ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਨੂੰ ਸਹੀ ਰਸਤਾ ਦਿੱਤੇ ਜਾਣ ਸਬੰਧੀ ਭਾਰਤ ਸਰਕਾਰ ਦੇ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਜੈ ਰਾਮ ਗਡਕਰੀ ਨੂੰ ਪੱਤਰ ਲਿਖਿਆ ਹੈ।ਪ੍ਰੋ. ਬਡੂੰਗਰ ਨੇ ਆਪਣੀ ਪੱਤਰਕਾ ਵਿੱਚ ਹਵਾਲਾ ਦੇਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ ੧੯੨੫ ਅਧੀਨ ਬਣੀ ਹੈ ਜੋ ਵਿਸ਼ਵ ਪੱਧਰ ਦੇ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਤੇ ਇਹ ਆਪਣੇ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾਉਂਦੀ ਹੈ।ਉਨ੍ਹਾਂ ਪੰਜਾਬ ਵਿੱਚ ਸੜਕਾਂ ਅਤੇ ਪੁਲਾਂ ਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ਤੇ ਚਲਾਉਣ ਲਈ ਸ੍ਰੀ ਨਿਤਿਨ ਜੈ ਰਾਮ ਗਡਕਰੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦਾ ਧਿਆਨ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ ਵੱਲ ਦੁਆਇਆ।ਆਪਣੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਸਿੱਖ ਗੁਰਦੁਆਰਾ ਐਕਟ ੧੯੨੫ ਅਧੀਨ ਸ਼ੈਡਿਊਲ ੧ (ਫਸਟ) ਸੀਰੀਅਲ ਨੰਬਰ ੨੪੩ ਅਧੀਨ ਸ਼ਾਮਿਲ ਹੈ ਤੇ ਇਹ ਗੁਰਦੁਆਰਾ ਸਾਹਿਬ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ‘ਚ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਵੱਲੋਂ ਚੰਡੀਗੜ੍ਹ ਤੋਂ ਪਟਿਆਲਾ ਜਾਣ ਵਾਲੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਤੇ ਇਸੇ ਕਾਰਜ ਅਧੀਨ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਹਾਦਰਗੜ੍ਹ ਟਾਊਨ ਜ਼ਿਲ੍ਹਾ ਪਟਿਆਲਾ ਜੋ ਕਿ ਰਾਜਪੁਰਾ ਤੋਂ ਪਟਿਆਲਾ ਦੀ ਮੁੱਖ ਸੜਕ ‘ਤੇ ਸਥਿਤ ਹੈ ਵਿਖੇ ਫਲਾਈਓਵਰ (ਪੁੱਲ) ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਫਲਾਈਓਵਰ ਬਨਣ ਨਾਲ ਜੋ ਸੜਕ ਗੁਰਦੁਆਰਾ ਸਾਹਿਬ ਨਾਲ ਜੁੜਦੀ ਹੈ ਉਹ ਬੰਦ ਹੋ ਜਾਵੇਗੀ, ਜਿਸ ਦਾ ਨਤੀਜਾ ਇਹ ਹੋਵੇਗਾ ਕਿ ਇਸ ਸਥਾਨ ਪੁਰ ਨਤਮਸਤਿਕ ਹੋਣ ਆਉਣ ਵਾਲੀਆਂ ਸੰਗਤਾਂ ਨੂੰ ਪਰੇਸ਼ਾਨ ਹੋਣਾ ਪਵੇਗਾ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਵੱਖ-ਵੱਖ ਸਮਾਗਮਾਂ ਮੌਕੇ ਬਹੁਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ।ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ‘ਤੇ ਗੁਰਦੁਆਰਾ ਸਾਹਿਬ ਹੋਣ ਕਰਕੇ ਬਹੁਤ ਸਾਰੇ ਸੈਲਾਨੀ ਤੇ ਸ਼ਰਧਾਲੂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਰੁਕਦੇ ਹਨ ਅਤੇ ਸ਼ਰਧਾ ਨਾਲ ਲੰਗਰ ਛਕਦੇ ਹਨ।ਉਨ੍ਹਾਂ ਕਿਹਾ ਕਿ ਕੁਝ ਸ਼ਰਧਾਲੂ ਰਾਤ ਸਮੇਂ ਇਸ ਗੁਰਦੁਆਰਾ ਸਾਹਿਬ ਵਿੱਚ ਰੁਕਦੇ ਵੀ ਹਨ।ਉਨ੍ਹਾਂ ਕਿਹਾ ਕਿ ਹੁਣ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਰਸਤਾ ਰੁਕਣ ਕਾਰਣ ਇਸ ਇਲਾਕੇ ਵਿੱਚ ਬਹੁਤ ਭੀੜ ਹੋ ਜਾਂਦੀ ਹੈ।
ਉਨ੍ਹਾਂ ਸ੍ਰੀ ਨਿਤਿਨ ਗਡਕਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਤੱਥਾਂ ਦੇ ਅਧਾਰਪੁਰ ਆਮ ਆਦਮੀ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਪਟਿਆਲਾ ਨੂੰ ਜਾਣ ਵਾਲੇ ਰਸਤੇ ਨੂੰ ਸੁਖਾਲਾ ਬਣਾਇਆ ਜਾਵੇ।ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਇਸ ਤੇ ਗੌਰ ਫੁਰਮਾਇਆ ਜਾਵੇਗਾ।