ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਆਚਰਣ ਰਾਹੀਂ ‘ਗੁਰੂ ਦਾ ਬੰਦਾ’ ਹੋਣ ਦਾ ਸਬੂਤ ਦਿੱਤਾ-ਜਥੇਦਾਰ ਅਮਰੀਕ ਸਿੰਘ ਵਿਛੋਆ
ਅੰਮ੍ਰਿਤਸਰ : 22 ਮਈ ( ) ਮਹਾਨ ਜਰਨੈਲ ਤੇ ਪਹਿਲੇ ਸਿੱਖ ਹੁਕਮਰਾਨ ਬਾਬਾ ਬੰਦਾ ਸਿੰਘ ਜੀ ਬਹਾਦਰ, ਉਨ੍ਹਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੀ ਦੂਸਰੇ ਦਿਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ‘ਰਮਦਾਸ’ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਰਦਾਸ ਭਾਈ ਦਵਿੰਦਰ ਸਿੰਘ ਨੇ ਕੀਤੀ ਤੇ ਹੁਕਮਨਾਮਾ ਭਾਈ ਹਰਦੀਪ ਸਿੰਘ ਗ੍ਰੰਥੀ ਨੇ ਲਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਜਥੇਦਾਰ ਅਮਰੀਕ ਸਿੰਘ ਵਿਛੋਆ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਖਸ਼ੀਅਤ ਦਾ ਅਕਸ ਸਿੱਖ ਮਾਨਸਿਕਤਾ ਵਿਚ ‘ਬੰਦਾ ਬਹਾਦਰ’ ਦੇ ਵਜੋਂ ਉਕਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾਂਦੇੜ ਵਿੱਚ ਗੁਰੂ ਸ਼ਰਨ ਵਿੱਚ ਆਉਣ ਤੋਂ ਲੈ ਕੇ ਆਪਣੇ ਅੰਤਲੇ ਸਾਹਾਂ ਤੱਕ ਉਹ ਗੁਰੂ ਸਾਹਿਬ ਪ੍ਰਤੀ ਵਫ਼ਾਦਾਰ ਰਹੇ। ਉਹ ਬਹੁਪੱਖੀ ਪ੍ਰਤਿਭਾ ਦੇ ਮਾਲਿਕ ਸਨ, ਜਿਨ੍ਹਾਂ ਨੂੰ ਗੁਰਬਾਣੀ ਦੇ ਨਜ਼ਰੀਏ ਤੋਂ ਮੁਕੰਮਲ ਇਨਸਾਨ ਭਾਵ ‘ਬੰਦਾ’ ਕਹਿ ਸਕਦੇ ਹਾਂ। ਉਨ੍ਹਾਂ ਨੇ ਆਪਣੇ ਆਚਰਣ ਰਾਹਂਿ ‘ਗੁਰੂ ਦਾ ਬੰਦਾ’ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਮੈਦਾਨ-ਏ-ਜੰਗ ਹੋਵੇ ਜਾਂ ਸ਼ਹੀਦੀ ਸਮੇਂ ਦਰਦਨਾਕ ਸਾਕੇ ਜਾਂ ਅਸਹਿ ਤਸੀਹੇ, ਕਾਇਰਤਾ ਜਾਂ ਬੁਜਦਿਲੀ ਦਾ ਖਿਆਲ ਉਨ੍ਹਾਂ ਦੇ ਨੇੜੇ ਦੀ ਨਹੀਂ ਸੀ ਲੰਘਿਆ। ਉਹ ਸੱਚਮੁੱਚ ਦੇ ਬਹਾਦਰ ਸਨ ਜਿਨ੍ਹਾਂ ਦੇ ਮੁਕਾਬਲੇ ਵਿੱਚ ਆਉਣ ਤੋਂ ਵੱਡੇ-ਵੱਡੇ ਖੱਬੀ-ਖਾਨ ਕੰਨੀ ਕਤਰਾਉਂਦੇ ਸਨ। ਉਨ੍ਹਾਂ ਸਮਾਗਮ ਵਿੱਚ ਸ਼ਾਮਿਲ ਸਮੂਹ ਧਾਰਮਿਕ ਸਭਾ ਸੁਸਾਇਟੀਆ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸਕੂਲਾਂ ਕਾਲਜਾਂ ਦੇ ਬੱਚਿਆਂ, ਪੁਲੀਸ ਅਫ਼ਸਰਾਂ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉਪਰੰਤ ਜਥੇਦਾਰ ਅਮਰੀਕ ਸਿੰਘ ਵਿਛੋਆ, ਸ੍ਰ: ਗੁਰਿੰਦਰਪਾਲ ਸਿੰਘ ਗੋਰਾ ਤੇ ਸ੍ਰ: ਰਤਨ ਸਿੰਘ ਜ਼ੱਫ਼ਰਵਾਲ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ ਵਿੱਚ ਸ਼ਾਮਿਲ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਭਾਈ ਬਿਕਰਮਜੀਤ ਸਿੰਘ ਗ੍ਰੰਥੀ ਨੇ ਕੀਤੀ ਉਪਰੰਤ ਬਾਬਾ ਬੁੱਢਾ ਜੀ ‘ਰਮਦਾਸ’ ਦੀ ਪੁਲੀਸ ਫੋਰਸ ਵੱਲੋਂ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਹੁਤ ਵੱਡੇ ਕਾਫ਼ਲੇ ਦੇ ਰੂਪ ਵਿੱੱਚ ਨਗਰ ਕੀਰਤਨ ਰਵਾਨਾ ਕੀਤਾ ਗਿਆ। ਪਾਲਕੀ ਵਾਲੀ ਗੱਡੀ ਦੇ ਪਿੱਛੇ-ਪਿੱਛੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ, ਕੰਘਾ ਤੇ ਕੇਸਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ ਵੀ ਨਾਲ-ਨਾਲ ਚੱਲ ਰਹੀ ਸੀ। ਸੰਗਤਾਂ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦੀਆਂ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡਦੀਆਂ ਅੱਗੇ ਵਧ ਰਹੀਆਂ ਸਨ। ਗੁਰੂ ਘਰ ਨਾਲ ਸ਼ਰਧਾ ਰੱਖਣ ਵਾਲਿਆਂ ਵੱਲੋਂ ਜਗ੍ਹਾ-ਜਗ੍ਹਾ ਲੰਗਰ ਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਸਨ।
ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ‘ਰਮਦਾਸ’ ਤੋਂ ਰਵਾਨਾ ਹੋ ਕੇ ਗਗੋਮਾਹਲ, ਗੁਜਰਪੁਰਾ, ਅਜਨਾਲਾ, ਈਸਾਪੁਰ, ਟਾਹਲੀ ਸਾਹਿਬ, ਭੁੱਲਰ ਚੁਗਾਵਾਂ, ਚਵਿੰਡਾ, ਵਣੀਏਕੇ, ਰਣੀਕੇ ਮੋੜ, ਅਟਾਰੀ, ਨੇਸ਼ਟਾ ਰਾਜਾਤਾਲ, ਸਰਾਏ ਅਮਾਨਤ ਖਾਂ, ਗੰਡੀਵਿੰਡ ਸਰਾਂ, ਬਗਿਆੜੀ, ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਬੀੜ ਬਾਬਾ ਬੁੱਢਾ ਜੀ, ਠੱਠਾ (ਤਰਨ-ਤਾਰਨ) ਵਿਖੇ ਕਰੇਗਾ।
ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ. ਸੁਰਜੀਤ ਸਿੰਘ ਭਿੱਟੇਵਢ ਤੇ ਸ. ਵੀਰ ਸਿੰਘ ਲੋਪੋਕੇ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ੍ਰ: ਬਲਵਿੰਦਰ ਸਿੰਘ ਕਾਹਲਵਾਂ ਤੇ ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਮਨਜੀਤ ਸਿੰਘ ਇੰਚਾਰਜ, ਸ੍ਰ: ਹਰਜਿੰਦਰ ਸਿੰਘ, ਸ੍ਰ: ਪ੍ਰਮਜੀਤ ਸਿੰਘ, ਸ੍ਰ: ਸੁਖਰਾਜ ਸਿੰਘ, ਸ੍ਰ: ਹਰਪ੍ਰੀਤ ਸਿੰਘ ਵਧੀਕ ਮੈਨੇਜਰ, ਸ੍ਰ: ਬਲਵਿੰਦਰ ਸਿੰਘ ਖੈਰਾਬਾਦ ਇੰਚਾਰਜ, ਸ੍ਰ: ਰੇਸ਼ਮ ਸਿੰਘ ਗੁਰਦੁਆਰਾ ਇੰਸਪੈਕਟਰ, ਸ੍ਰ: ਕੁੰਦਨ ਸਿੰਘ ਸੁਪਰਵਾਈਜ਼ਰ, ਸ੍ਰ: ਬਲਕਾਰ ਸਿੰਘ, ਸ੍ਰ: ਰਛਪਾਲ ਸਿੰਘ ਇੰਚਾਰਜ, ਸ੍ਰ: ਗੁਰਦੇਵ ਸਿੰਘ ਮੈਨੇਜਰ ਗੁਰਦੁਆਰਾ ਡੇਰਾ ਬਾਬਾ ਨਾਨਕ, ਸ੍ਰ: ਹਰਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ‘ਰਮਦਾਸ’, ਸ੍ਰ: ਹਰਪ੍ਰੀਤ ਸਿੰਘ ਮੀਤ ਮੈਨੇਜਰ, ਭਾਈ ਜੁਝਾਰ ਸਿੰਘ ਗ੍ਰੰਥੀ, ਸ੍ਰ: ਗੁਰਤਿੰਦਰਪਾਲ ਸਿੰਘ ਮੈਨੇਜਰ ਗੁਰਦੁਆਰਾ ਕੰਧ ਸਾਹਿਬ, ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ, ਭਾਈ ਹੀਰਾ ਸਿੰਘ ਮਨਿਹਾਲਾ, ਭਾਈ ਗੁਰਬਚਨ ਸਿੰਘ ਕਲਸੀ, ਭਾਈ ਦਿਲਬਾਗ ਸਿੰਘ ਸਭਰਾ, ਭਾਈ ਅਮਰ ਸਿੰਘ ਮਿਸ਼ਨਰੀ, ਭਾਈ ਅਮਰੀਕ ਸਿੰਘ ਚਿੱਟੀ ਪ੍ਰਚਾਰਕ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।