ਇਹ ਇੱਕ ਉਹ ਇਤਿਹਾਸਕ ਅਸਥਾਨ ਹੈ, ਜਿੱਥੇ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਏ ਤੇ ਆਪਣੇ ਗੁਰਸਿੱਖ ਦੀ ਮਨੋਕਾਮਨਾ ਪੂਰੀ ਕੀਤੀ। ਭਾਈ ਕੂਰਮ ਜੀ, ਜੋ ਪਿੰਡ ਲੰਬਿਆਂ ਦੇ ਨਿਵਾਸੀ ਸਨ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ। ਅੰਬਾਂ ਦਾ ਮੌਸਮ ਸੀ, ਪਾਤਸ਼ਾਹ ਧੰਨ ਧੰਨ ਸ੍ਰੀ ਗਰੂ ਅਰਜਨ ਦੇਵ ਜੀ ਮਹਾਰਾਜ ਦਾ ਦੀਵਾਨ ਸਜਿਆ ਹੋਇਆ ਸੀ। ਸੰਗਤਾਂ ਯੋਗ ਭੇਟਾ ਪੇਸ਼ ਕਰ ਰਹੀਆਂ ਸਨ। ਕਾਬਲ ਦੀ ਸੰਗਤ ਸਾਹਿਬਾਂ ਦੇ ਦੀਵਾਨ ਵਿੱਚ ਹਜ਼ਾਰ ਹੋਈ ਤੇ ਪੱਕੇ ਹੋਏ ਅੰਬ ਭੇਟਾ ਕੀਤੇ। ਭਾਈ ਕੂਰਮ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਪਰ ਇਸ ਸੇਵਾ ਤੋਂ ਵਾਂਝਾ ਰਹਿ ਗਿਆ ਹਾਂ। ਰਾਤ ਦਰਬਾਰ ਦੀ ਸਮਾਪਤੀ ਹੋਈ, ਅੰਬਾਂ ਦਾ ਪ੍ਰਸ਼ਾਦਿ ਵਰਤਿਆ। ਸੰਗਤਾਂ ਆਪੋ ਆਪਣੇ ਡੇਰੇ ਵਿਸ਼ਰਾਮ ਕਰਨ ਲਈ ਚਲੀਆਂ ਗਈਆਂ।
ਭਾਈ ਕੂਰਮ ਜੀ ਨੇ ਪ੍ਰਸ਼ਾਦਿ ਵੱਜੋਂ ਮਿਲਿਆ ਅੰਬ ਨਹੀਂ ਛਕਿਆ, ਸੰਭਾਲ ਕੇ ਰੱਖ ਲਿਆ। ਸਵੇਰੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕੀਤਾ ਤੇ ਅੰਬ ਪ੍ਰਸ਼ਾਦਿ ਵਜੋਂ ਬਖਸ਼ਿਸ਼ ਹੋਇਆ ਸੀ ਉਸ ਦਾ ਭੀ ਇਸ਼ਨਾਨ ਕਰਾਇਆ ਤੇ ਦੀਵਾਨ ਵਿੱਚ ਹਾਜ਼ਰ ਹੋ ਕੇ ਓਹੀ ਅੰਬ ਪਾਤਸ਼ਾਹ ਜੀ ਨੂੰ ਅਰਪਣ ਕਰ ਦਿੱਤਾ।
“ਘਟ ਘਟ ਕੇ ਅੰਤਰ ਕੀ ਜਾਨਤ। ਭਲੇ ਬੁਰੇ ਕੀ ਪੀਰ ਪਛਾਨਤ॥”
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖ ਨੂੰ ਕਿਹਾ ਕਿ ਭਾਈ ਸਿੱਖਾ ਇਹ ਅੰਬ ਅਸੀਂ ਤੈਨੂੰ ਪ੍ਰਸ਼ਾਦਿ ਵਜੋਂ ਦਿੱਤਾ ਸੀ, ਤੂੰ ਇਹ ਅੰਬ ਸਾਨੂੰ ਭੇਟ ਕਰ ਰਿਹਾ ਹੈ ਜੋ ਤੈਨੂੰ ਪ੍ਰਸ਼ਾਦਿ ਵੱਜੋਂ ਪ੍ਰਾਪਤ ਹੋਇਆ ਹੈ ਅੱਗੋਂ ਸਿੱਖ ਨੇ ਬੇਨਤੀ ਕੀਤੀ ਕਿਉਂਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਅਤੇ ਕਾਬਲ ਦੀ ਸੰਗਤ ਵੱਲ ਵੇਖ ਕੇ ਇਹ ਅੰਬ ਖਾਣ ਨਾਲੋਂ ਆਪ ਜੀ ਦੇ ਅਰਪਣ ਕਰਨਾ ਹੀ ਸ਼ੁਭ ਸਮਝਿਆ ਹੈ। ਪਾਤਸ਼ਾਹ ਜੀ ਬੋਲੇ, ਭਾਈ ਗੁਰਮੁਖਾ ਤੇਰੀ ਇਹ ਭਾਵਨਾ ਸਾਡੇ ਤੱਕ ਪੁੱਜ ਗਈ ਹੈ। ਤੂੰ ਇਹ ਅੰਬ ਛਕ ਲੈ ਤੇ ਅਸੀਂ ਜਦੋਂ ਸੱਤਵੇਂ ਜਾਮੇ ਵਿਚ ਆਵਾਂਗੇ ਤਾਂ ਤੇਰੇ ਪਾਸੋਂ ਅੰਬ ਛਕਾਂਗੇ।
ਉਸ ਬਚਨ ਨੂੰ ਪਾਲਦੇ ਹੋਏ ਧੰਨ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਕੁਰੂਕਸ਼ੇਤਰ ਤੋਂ ਪੋਹ ਦੀ ਸੰਗਰਾਂਦ ਨੂੰ ਏਥੇ ਪੁੱਜੇ ਤੇ ਆਪਣੇ ਸੇਵਕ ਬਾਰੇ ਪੁੱਛਿਆ। ਪਤਾ ਲੱਗਾ ਕਿ ਓਹ ਬਾਗ ਵਿੱਚ ਬੈਠਾ ਭਗਤੀ ਵਿੱਚ ਲੀਨ ਹੈ। ਸਾਹਿਬਾਂ ਨੇ ਆ ਕੇ ਬਾਗ ਵਿੱਚ ਦਰਸ਼ਨ ਦੀਦਾਰੇ ਬਖਸ਼ੇ ਤੇ ਹੁਕਮ ਕੀਤਾ ਕਿ ਭਾਈ ਕੂਰਮ ਲਿਆ ਅੰਬ ਛਕਾ। ਭਾਈ ਕੂਰਮ ਜੀ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਰੁੱਤ ਤਾਂ ਅੰਬਾਂ ਦੀ ਨਹੀਂ ਹੈ ਜੋ ਮੈਂ ਆਪ ਜੀ ਦੀ ਸੇਵਾ ਵਿੱਚ ਭੇਟ ਕਰ ਸਕਾਂ। ਪਰ ਆਪ ਕਰਨ ਕਾਰਨ ਸਮਰਥ ਹੋ ਜੋ ਚਾਹੋ ਕਰ ਸਕਦੇ ਹੋ। ਸੇਵਕ ਦੀ ਬੇਨਤੀ ਨੂੰ ਸੁਣਦੇ ਹੋਏ ਪਾਤਸ਼ਾਹ ਪ੍ਰਸੰਨਤਾ ਨਾਲ ਮੁਸਕਰਾਏ ਤੇ ਕਿਹਾ ਭਾਈ ਅੰਬ ਦਾ ਦਰੱਖਤ ਤਾ ਪੱਕੇ ਅੰਬਾ ਨਾਲ ਲੱਦਿਆ ਪਿਆ ਹੈ। ਭਾਈ ਕੂਰਮ ਜੀ ਦੇਖਦੇ ਹਨ ਕਿ ਜਿਸ ਅੰਬ ਥੱਲੇ ਪਾਤਸ਼ਾਹ ਜੀ ਖੜੇ ਸੁਭਾਏਮਾਨ ਹੋ ਰਹੇ ਹਨ, ਉਸ ਨਾਲ ਪੱਕੇ ਅੰਬ ਲਟਕ ਰਹੇ ਹਨ। ਇਹ ਕੌਤਿਕ ਵੇਖ ਕੇ ਭਾਈ ਕੂਰਮ ਜੀ ਗੁਰੂ ਜੀ ਦੇ ਚਰਨੀ ਢਹਿ ਪਏ ਅਤੇ ਮੂੰਹੋਂ ਧੰਨ ਧੰਨ ਕਰ ਉੱਠੇ। ਪਾਤਸ਼ਾਹ ਨੇ ਫੁਰਮਾਇਆ ਕਿ ਹੁਣ ਸਾਨੂੰ ਤੇ ਸੰਗਤਾਂ ਨੂੰ ਅੰਬ ਛਕਾ। ਬਚਨ ਮੰਨ, ਭਾਈ ਕੂਰਮ ਜੀ ਨੇ ਸਤਿਗੁਰਾਂ ਅਤੇ ਸੰਗਤਾਂ ਦੀ ਅੰਬਾਂ ਨਾਲ ਸੇਵਾ ਕੀਤੀ ਅਤੇ ਪ੍ਰਸੰਨਤਾ ਲਈ।
ਇਹ ਪਾਵਨ ਪਵਿੱਤਰ ਅਸਥਾਨ ਤੇ ਹਰ ਸੰਗਰਾਂਦ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ। ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਮਾਘ ਦੇ ਮਹੀਨੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
Gurdwara Text Courtesy :- Dr. Roop Singh, Secretary S.G.P.C.