ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ, ਹਕੀਕਤ ਰਾਏ ਤੇ ਸ਼ਹੀਦ ਸਿੰਘਾਂ ਦੀ ਲਾਸਾਨੀ ਕੁਰਬਾਨੀ ਨੂੰ ਸੰਸਾਰ ਹਮੇਸ਼ਾਂ ਯਾਦ ਰੱਖੇਗਾ- ਹਰਜਿੰਦਰ ਸਿੰਘ ਲੱਲੀਆਂ
ਅੰਮ੍ਰਿਤਸਰ : 25 ਮਈ ( ) ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ, ਮੌ ਸਾਹਿਬ ਦੀ ਪਾਵਨ-ਪਵਿੱਤਰ ਧਰਤੀ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਦਿਵਸ ਸਬੰਧੀ ਪੂਰੇ ਜਾਹੋ ਜਲਾਲ ਨਾਲ ਨਗਰ ਕੀਰਤਨ ਪੰਜਵੇਂ ਪੜਾਅ ਲਈ ਰਵਾਨਾ ਹੋ ਗਿਆ। ਇਹ ਉਹ ਪਾਵਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ। ਇਸ ਧਰਤੀ ਨੂੰ ਬਾਬਾ ਬੁੱਢਾ ਜੀ, ਭਾਈ ਸਾਲ੍ਹੋ ਜੀ, ਸਾਈਂ ਮੀਆਂ ਮੀਰ ਜੀ, ਭਾਈ ਗੁਰਦਾਸ ਜੀ, ਭਾਈ ਮੰਝ ਜੀ, ਬਾਬਾ ਸੰਗ ਜੀ, ਭਾਈ ਛੱਜੋ ਜੀ ਅਤੇ ਅਨੇਕਾਂ ਸੰਤਾਂ ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਹੈ। ਨਗਾਰੇ ਦੀ ਚੋਟ ਨਾਲ ਗਤਕਾ ਪਾਰਟੀਆਂ ਆਪਣੇ-ਆਪਣੇ ਜ਼ੌਹਰ ਦਿਖਾਉਂਦੀਆਂ ਨਗਰ ਕੀਰਤਨ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੀਆਂ ਸਨ। ਜੁਗੋ-ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਤੇ ਪੰਥ ਦੀ ਚੜ੍ਹਦੀ ਕਲਾ ਨੂੰ ਦਰਸਾਉਂਦੇ ਨਿਸ਼ਾਨਚੀ ਸਿੰਘਾਂ ਨਾਲ ਸਤਿਨਾਮੁ-ਵਾਹਿਗੁਰੂ ਦਾ ਜਾਪੁ ਕਰਦੀਆਂ ਤੇ ਫੁੱਲਾਂ ਦੀ ਵਰਖਾ ਕਰਦੀਆਂ ਸੰਗਤਾਂ ਵਹੀਰਾਂ ਘੱਤ ਕੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਅੱਗੇ ਵਧ ਰਹੀਆਂ ਸਨ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਦੇ ਜਥੇ ਵੱਲੋਂ ਧੁਰ ਕੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਅਵਤਾਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ, ਮੌ ਸਾਹਿਬ ਨੇ ਅਰਦਾਸ ਉਪਰੰਤ ਪਵਿੱਤਰ ਹੁਕਮਨਾਮਾ ਲਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ੍ਰ: ਹਰਜਿੰਦਰ ਸਿੰਘ ਲੱਲੀਆਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਬਾਬਾ ਬੰਦਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਖਾਸਕਰ ਹਕੀਕਤ ਰਾਏ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਜਿਸ ਨੇ ਸ਼ਹੀਦ ਹੋਣ ਸਮੇਂ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਤੂੰ ਮੇਰੀ ਮਾਂ ਹੀ ਨਹੀਂ ਹੈਂ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਰੋਜ਼ਾਨਾ ਸਮੇਂ ਦੀ ਜ਼ਾਲਮ ਮੁਗਲੀਆ ਹਕੂਮਤ ਵੱਲੋਂ ੧੦੦ ਸਿੰਘ ਸ਼ਹੀਦ ਕੀਤੇ ਜਾਂਦੇ ਸਨ, ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜਲਾਦ ਨੇ ਉਨ੍ਹਾਂ ਦੇ ਲਖਤੇ ਜ਼ਿਗਰ ਬਾਬਾ ਅਜੈ ਸਿੰਘ ਦਾ ਸੀਨਾ ਚੀਰ ਕੇ ਉਸ ਦਾ ਕਲੇਜਾ ਬਾਬਾ ਜੀ ਦੇ ਮੂੰਹ ਵਿੱਚ ਪਾਇਆ, ਪਰ ਉਨ੍ਹਾਂ ਸਿੱਖੀ ਸਿਦਕ ਨਹੀਂ ਹਾਰਿਆ ਤੇ ਅਡੋਲ ਚਿੱਤ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ। ਉਨ੍ਹਾਂ ਕਿਹਾ ਕਿ ‘ਧਰਮ ਦਾ ਸਿਰਰ’ ਨਿਬਾਹੁਣ ਲਈ ਕੁਰਬਾਨੀ ਹਿਤ ਸਦਾ ਤਿਆਰ ਰਹਿਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕਰਕੇ ਥਾਪੜਾ ਪ੍ਰਾਪਤ ਕੀਤਾ ਤੇ ਵਜੀਦੇ ਨੂੰ ਮਾਰ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
ਉਨ੍ਹਾਂ ਸਮਾਗਮ ਵਿੱਚ ਸ਼ਾਮਿਲ ਸਮੂਹ ਧਾਰਮਿਕ ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸਕੂਲਾਂ ਕਾਲਜਾਂ ਦੇ ਬੱਚਿਆਂ, ਪੁਲੀਸ ਅਫ਼ਸਰਾਂ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉਪਰੰਤ ਸਮਾਗਮ ਵਿੱਚ ਸ਼ਾਮਿਲ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਮੌ ਸਾਹਿਬ ਦੀ ਪੁਲੀਸ ਫੋਰਸ ਵੱਲੋਂ ਅਦਬ-ਸਤਿਕਾਰ ਸਹਿਤ ਸਲਾਮੀ ਦਿੱਤੀ ਗਈ। ਅੱਤ ਦੀ ਗਰਮੀ ਹੋਣ ਕਾਰਣ ਵੀ ਸ਼ਰਧਾਵਾਨ ਸੰਗਤਾਂ ਦਾ ਸਿਦਕ ਨਹੀਂ ਡੋਲਿਆ ਤੇ ਉਹ ਅਡੋਲ ਚਿੱਤ ਗੁਰੁ ਰੰਗ ਵਿੱਚ ਰੰਗੀਆਂ ਆਪਣੀ ਮੰਜ਼ਿਲ ਸਰ ਕਰ ਰਹੀਆਂ ਸਨ। ਫੁੱਲਾਂ ਨਾਲ ਸਜਾਈ ਗਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ-ਪਿੱਛੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ, ਹੱਥ ਲਿਖਤ ਪੋਥੀ, ਕੰਘਾ ਤੇ ਕੇਸਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ ਵੀ ਨਾਲ-ਨਾਲ ਚੱਲ ਰਹੀ ਸੀ। ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਾਲੀ ਗੱਡੀ ਵਿੱਚ ਸ੍ਰ: ਲਖਵਿੰਦਰਪਾਲ ਸਿੰਘ ਸੁਪਰਵਾਈਜ਼ਰ ਵੱਲੋਂ ਆਪਣੀ ਪੂਰੀ ਟੀਮ ਨਾਲ ਭੇਟਾ ਰਹਿਤ ਲਿਟਰੇਚਰ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਜੋਂ ਵੰਡਿਆ ਜਾ ਰਿਹਾ ਹੈ। ਸ਼ਰਧਾਲੂ ਸੰਗਤਾਂ ਵੱਲੋਂ ਪੂਰੇ ਰਾਹ ਵਿੱਚ, ਪ੍ਰਸ਼ਾਦਾ ਤੇ ਚਾਹ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸੰਗਤਾਂ ਦੀ ਆਓ ਭਾਗਤ ਕੀਤੀ ਜਾ ਰਹੀ ਸੀ।
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ ਮੌ ਸਾਹਿਬ (ਜਲੰਧਰ) ਤੋਂ ਰਵਾਨਾ ਹੋ ਕੇ ਫਿਲੌਰ, ਲਾਡੋਵਾਲੀ, ਨੂਰਪੁਰ ਬੇਟ, ਸਲੇਮ ਟਾਬਰੀ, ਰੇਲਵੇ ਸਟੇਸ਼ਨ ਲੁਧਿਆਣਾ, ਚੌਂਕ ਭਗਤ ਸਿੰਘ, ਗੁਰਦੁਆਰਾ ਸਾਹਿਬ ਸ਼ਹੀਦਾਂ ਫੇਰੂਮਾਨ, ਪ੍ਰਤਾਪ ਚੌਂਕ, ਸ਼ੇਰਪੁਰ ਚੌਂਕ, ਗਿਆਸਪੁਰਾ, ਕੰਗਨਵਾਲ, ਗੁਰਦੁਆਰਾ ਰੇਰੂ ਸਾਹਿਬ, ਸਾਹਨੇਵਾਲ, ਰਾਜਗੜ੍ਹ, ਦੋਰਾਹਾ ਪੁੱਲ, ਗੁਰਦੁਆਰਾ ਮੰਜੀ ਸਾਹਿਬ ਕੋਟਾਂ, ਬੀਜ਼ਾ, ਲਿਬੜਾ, ਕੰਨਾ, ਮੰਡੀ ਗੋਬਿੰਦਗੜ੍ਹ, ਸਰਹੰਦ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਕਰੇਗਾ ਅਤੇ ੨੬ ਅਕਤੂਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਸਰਹੰਦ ਤੋਂ ਰਵਾਨਾ ਹੋ ਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਅੰਬਾਲਾ ( ਹਰਿਆਣਾ ) ਵਿਖੇ ਰਾਤ ਵਿਸ਼ਰਾਮ ਕਰੇਗਾ।
ਇਸ ਮੌਕੇ ਸ੍ਰ: ਸਰੂਪ ਸਿੰਘ ਢੇਸੀ ਮੈਂਬਰ, ਸੰਤ ਸੁਖਜਿੰਦਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਆਹਲੋਵਾਲ, ਸ੍ਰ: ਕੇਵਲ ਸਿੰਘ, ਸ੍ਰ: ਹਰਭਜਨ ਸਿੰਘ ਮਨਾਵਾਂ ਤੇ ਸ੍ਰ: ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ੍ਰ: ਸਕੱਤਰ ਸਿੰਘ, ਸ੍ਰ: ਹਰਜੀਤ ਸਿੰਘ ਲਾਲੂ ਘੁੰਮਣ, ਸ੍ਰ: ਮਹਿੰਦਰ ਸਿੰਘ ਤੇ ਸ੍ਰ: ਗੁਰਮੀਤ ਸਿੰਘ ਬੁੱਟਰ ਮੀਤ ਸਕੱਤਰ,ਸ. ਸੁਖਦਵਿੰਦਰ ਸਿੰਘ ਗਰੇਵਾਲ ਪੀ.ਏ., ਸ. ਦਰਸ਼ਨ ਸਿੰਘ ਸ਼ਿਵਾਲਿਕ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ, ਸ. ਹਰਪ੍ਰੀਤ ਸਿੰਘ ਸ਼ਿਵਾਲਿਕ ਜ਼ਿਲ੍ਹਾ ਪ੍ਰੀਸ਼ਦ ਸਕੱਤਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਤੇਜਿੰਦਰ ਸਿੰਘ ਪੱਡਾ ਤੇ ਸ੍ਰ: ਨਿਰਵੈਲ ਸਿੰਘ ਇੰਚਾਰਜ, ਸ੍ਰ: ਰੇਸ਼ਮ ਸਿੰਘ ਗੁਰਦੁਆਰਾ ਇੰਸਪੈਕਟਰ, ਸ੍ਰ: ਸਤਨਾਮ ਸਿੰਘ ਰਿਆੜ, ਸ੍ਰ: ਹਰਭਜਨ ਸਿੰਘ ਬੇਦੀ ਫਲਾਇੰਗ, ਸ੍ਰ: ਰਣਜੀਤ ਸਿੰਘ ਕਲਿਆਣਪੁਰ, ਸ੍ਰ: ਬਖਸ਼ੀਸ਼ ਸਿੰਘ ਫੌਜੀ, ਸ੍ਰ: ਗੁਲਵਿੰਦਰ ਸਿੰਘ, ਸ੍ਰ: ਕੁਲਦੀਪ ਸਿੰਘ ਤੇ ਸ੍ਰ: ਪਲਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ, ਸ੍ਰ: ਬਲਜਿੰਦਰ ਸਿੰਘ ਬੱਦੋਵਾਲ ਸੁਪਰਵਾਈਜ਼, ਸ੍ਰ: ਸਤਨਾਮ ਸਿੰਘ ਸਰਹਾਲੀ ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ, ਸ੍ਰ: ਸਤਿੰਦਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਮੌ ਸਾਹਿਬ, ਸ੍ਰ: ਗੁਰਬਖਸ਼ ਸਿੰਘ ਮੈਨੇਜਰ, ਸ੍ਰ: ਹਰਮਿੰਦਰ ਸਿੰਘ ਖਹਿਰਾ ਚੀਫ ਆਰਗਨਾਈਜ਼ਰ ਸ਼੍ਰੋਮਣੀ ਅਕਾਲੀ ਦਲ ਯੂ.ਕੇ., ਸ੍ਰ: ਮਨਪ੍ਰੀਤ ਸਿੰਘ ਸੰਗੋਵਾਲ, ਸ੍ਰ: ਅਮਰੀਕ ਸਿੰਘ ਫਿਲੌਰ, ਸ੍ਰ: ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਕੰਧ ਸਾਹਿਬ, ਸ੍ਰ: ਦਵਿੰਦਰ ਸਿੰਘ ਮੈਨੇਜਰ ਰੱਤੋਕੇ, ਸ. ਯੁਵਰਾਜ ਸਿੰਘ ਇੰਸਪੈਕਟਰ, ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ, ਭਾਈ ਹੀਰਾ ਸਿੰਘ ਮਨਿਹਾਲਾ, ਭਾਈ ਗੁਰਬਚਨ ਸਿੰਘ ਕਲਸੀ, ਭਾਈ ਦਿਲਬਾਗ ਸਿੰਘ ਸਭਰਾ, ਭਾਈ ਹਰਜੀਤ ਸਿੰਘ ਸੁਲਤਾਨਪੁਰੀ, ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਪਰਮਜੀਤ ਸਿੰਘ, ਭਾਈ ਅਮਰ ਸਿੰਘ ਮਿਸ਼ਨਰੀ, ਸ੍ਰ: ਸੁਖਵੰਤ ਸਿੰਘ ਪ੍ਰਚਾਰਕ , ਸ੍ਰ: ਮਲਕੀਤ ਸਿੰਘ ਬਸਰਾਵਾਂ, ਸ੍ਰ: ਸਰਬਜੀਤ ਸਿੰਘ ਰਾਏ ਡੀ ਐਸ ਪੀ, ਸ੍ਰ: ਜਤਿੰਦਰਪਾਲ ਐਸ ਐਚ ਓ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।