ਕਲਗੀਧਰ ਪਿਤਾ ਨੇ ਮਾਧੋ ਦਾਸ ਨੂੰ ਸਿੱਖੀ ਦੇ ਖੰਡੇਧਾਰ ਮਾਰਗ ਤੇ ਤਨ,ਮਨ ਧਨ ਨਾਲ ਸੇਵਾ ਕਰਨ ਦੇ ਆਦਰਸ਼ ਸਮਝਾਏ ਤੇ ਉਸ ਦਾ ਨਾਮ ਬੰਦਾ ਸਿੰਘ ਰੱਖ ਦਿੱਤਾ- ਗੋਰਾ, ਜੱਫ਼ਰਵਾਲ, ਡੋਗਰਾਂਵਾਲਾ
ਅੰਮ੍ਰਿਤਸਰ : 24 ਮਈ ( ) ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ-ਪਵਿੱਤਰ ਤਪੱਸਵੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਦਿਵਸ ਸਬੰਧੀ ਪੂਰੇ ਜਾਹੋ ਜਲਾਲ ਨਾਲ ਨਗਰ ਕੀਰਤਨ ਚੌਥੇ ਪੜਾਅ ਲਈ ਰਵਾਨਾ ਹੋ ਗਿਆ। ਨਗਾਰੇ ਦੀ ਚੋਟ ਨਾਲ ਗਤਕਾ ਪਾਰਟੀਆਂ ਆਪਣੇ-ਆਪਣੇ ਜ਼ੌਹਰ ਦਿਖਾਉਂਦੀਆਂ ਨਗਰ ਕੀਰਤਨ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੀਆਂ ਸਨ। ਜੁਗੋ-ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਤੇ ਪੰਥ ਦੀ ਚੜ੍ਹਦੀ ਕਲਾ ਨੂੰ ਦਰਸਾਉਂਦੇ ਨਿਸ਼ਾਨਚੀ ਸਿੰਘਾਂ ਨਾਲ ਸਤਿਨਾਮੁ-ਵਾਹਿਗੁਰੂ ਦਾ ਜਾਪੁ ਕਰਦੀਆਂ ਤੇ ਫੁੱਲਾਂ ਦੀ ਵਰਖਾ ਕਰਦੀਆਂ ਸੰਗਤਾਂ ਵਹੀਰਾਂ ਘੱਤ ਕੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਅੱਗੇ ਵਧ ਰਹੀਆਂ ਸਨ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਵਿਸਮਾਦਮਈ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਪਲਵਿੰਦਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਅਰਦਾਸ ਉਪਰੰਤ ਪਵਿੱਤਰ ਹੁਕਮਨਾਮਾ ਲਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਜਥੇਦਾਰ ਰਤਨ ਸਿੰਘ ਜ਼ੱਫ਼ਰਵਾਲ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਤੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੇ ਕਿਹਾ ਕਿ ਕਲਗੀਧਰ ਪਿਤਾ ਨੇ ਮਾਧੋ ਦਾਸ ਨੂੰ ਸਿੱਖੀ ਦੇ ਖੰਡੇਧਾਰ ਮਾਰਗ ਤੇ ਤਨ,ਮਨ ਧਨ ਨਾਲ ਸੇਵਾ ਕਰਨ ਦੇ ਆਦਰਸ਼ ਸਮਝਾਏ ਤੇ ਉਸ ਦਾ ਨਾਮ ਬੰਦਾ ਸਿੰਘ ਰੱਖ ਦਿੱਤਾ ਤੇ ਖਾਲਸਾ ਪੰਥ ਵਿੱਚ ਸ਼ਾਮਿਲ ਕਰ ਲਿਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਸੈਨਿਕ ਜਿੱਤਾਂ ਤੇ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰ ਨਹੀਂ ਸਜਾਇਆ ਬਲਕਿ ਇਨ੍ਹਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਰੂਪ ਵਿੱਚ ਸਵੀਕਾਰ ਕੀਤਾ। ਬਾਬਾ ਬੰਦਾ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ੀ ਤੇਗ ਦੇ ਨਾਲ ਦੋ ਜਹਾਨਾਂ ਵਿੱਚ ਸਿੱਕਾ ਜਾਰੀ ਕੀਤਾ, ਸੱਚੇ ਰੱਬ ਦੀ ਮਿਹਰ ਨਾਲ ਸ਼ਾਹਿ ਸ਼ਾਹਾਨ ਗੁਰੁ ਗੋਬਿੰਦ ਸਿੰਘ ਜੀ ਦੀ ਫਤਹਿ ਹੋਈ। ਇਸੇ ਤਰ੍ਹਾਂ ਸਿੱਖ ਰਾਜ ਦੇ ਸਰਕਾਰੀ ਦਸਤਾਵੇਜ਼ਾਂ ਤੇ ਫੁਰਮਾਨਾਂ ਨੂੰ ਜਾਰੀ ਕਰਨ ਲਈ ਇਕ ਮੋਹਰ ਚਲਾਈ ਗਈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਸੰਗਤਾਂ ਨੂੰ ਜੋ ਹੁਕਮਨਾਮੇ ਜਾਰੀ ਕੀਤੇ ਉਹ ਨਿਜੀ ਤੌਰ ਤੇ ਨਹੀਂ ਬਲਕਿ ਗੁਰੂ ਜੀ ਦੇ ਨਾਉਂ ਤੇ ਭੇਜੇ ਸਨ। ਉਨ੍ਹਾਂ ਕਿਹਾ ਕਿ ਫ਼ਤਹਿ ਦਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਹਮੇਸ਼ਾਂ ਅਣਿਆਂ ਤੇ ਅੱਤਿਆਚਾਰ ਦੇ ਖਿਲਾਫ਼ ਹੱਕ-ਸੱਚ ਦੀ ਲੜਾਈ ਲੜਿਆ ਤੇ ਉਸ ਨੂੰ ਹਰ ਮੈਦਾਨ ਫਤਹਿ ਹੀ ਹਾਸਿਲ ਹੋਈ।
ਉਨ੍ਹਾਂ ਸਮਾਗਮ ਵਿੱਚ ਸ਼ਾਮਿਲ ਸਮੂਹ ਧਾਰਮਿਕ ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸਕੂਲਾਂ ਕਾਲਜਾਂ ਦੇ ਬੱਚਿਆਂ, ਪੁਲੀਸ ਅਫ਼ਸਰਾਂ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉਪਰੰਤ ਸਮਾਗਮ ਵਿੱਚ ਸ਼ਾਮਿਲ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਜ਼ਿਲ੍ਹਾ ਕਪੂਰਥਲਾ ਦੀ ਪੁਲੀਸ ਫੋਰਸ ਵੱਲੋਂ ਅਦਬ-ਸਤਿਕਾਰ ਸਹਿਤ ਸਲਾਮੀ ਦਿੱਤੀ ਗਈ। ਕੱਲ੍ਹ ਦੀ ਮੌਸਮ ਦੀ ਕੁਝ ਰਾਹਤ ਮਿਲਣ ਤੋਂ ਬਾਅਦ ਭਾਵੇਂ ਅੱਜ ਫੇਰ ਅੱਤ ਦੀ ਗਰਮੀ ਕਹਿਰ ਵਰਸਾਉਂਦੀ ਨਜ਼ਰ ਆਈ ਪਰ ਸ਼ਰਧਾਵਾਨ ਸੰਗਤਾਂ ਦਾ ਸਿਦਕ ਨਹੀਂ ਡੋਲਿਆ ਤੇ ਉਹ ਅਡੋਲ ਚਿੱਤ ਗੁਰੁ ਰੰਗ ਵਿੱਚ ਰੰਗੀਆਂ ਆਪਣੀ ਮੰਜ਼ਿਲ ਸਰ ਕਰ ਰਹੀਆਂ ਸਨ। ਫੁੱਲਾਂ ਨਾਲ ਸਜਾਈ ਗਈ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਪਿੱਛੇ-ਪਿੱਛੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ, ਹੱਥ ਲਿਖਤ ਪੋਥੀ, ਕੰਘਾ ਤੇ ਕੇਸਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ ਵੀ ਨਾਲ-ਨਾਲ ਚੱਲ ਰਹੀ ਸੀ। ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਾਲੀ ਗੱਡੀ ਵਿੱਚ ਸ੍ਰ: ਲਖਵਿੰਦਰਪਾਲ ਸਿੰਘ ਸੁਪਰਵਾਈਜ਼ਰ ਵੱਲੋਂ ਆਪਣੀ ਪੂਰੀ ਟੀਮ ਨਾਲ ਭੇਟਾ ਰਹਿਤ ਲਿਟਰੇਚਰ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਜੋਂ ਵੰਡਿਆ ਜਾ ਰਿਹਾ ਹੈ। ਸ਼ਰਧਾਲੂ ਸੰਗਤਾਂ ਵੱਲੋਂ ਪੂਰੇ ਰਾਹ ਵਿੱਚ, ਪ੍ਰਸ਼ਾਦਾ ਤੇ ਚਾਹ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸੰਗਤਾਂ ਦੀ ਆਓ ਭਾਗਤ ਕੀਤੀ ਜਾ ਰਹੀ ਸੀ।
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਤੋਂ ਰਵਾਨਾ ਹੋ ਕੇ ਡੱਲਾ, ਮੋੜ ਮਲਸੀਆਂ, ਸੀਚੇਵਾਲ, ਈਸੇਵਾਲ, ਮਲਸੀਆਂ, ਕਾਲੇਵਾਲੀ ਬਾੜਾ, ਨੂਰਪੁਰ ਚੱਠਾ, ਨੂਰਮਹਿਲ ਬਾਈਪਾਸ, ਬਹਾਦਰਪੁਰ, ਸੰਗਤਪੁਰਾ, ਬੇਗਮਪੁਰਾ, ਪ੍ਰਤਾਪਪੁਰਾ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ, ਮੌ ਸਾਹਿਬ (ਜਲੰਧਰ) ਵਿਖੇ ਰਾਤ ਦਾ ਠਹਿਰਾ ਕਰੇਗਾ। ੨੫ ਮਈ ੨੦੧੬ ਨੂੰ ਇਹ ਨਗਰ-ਕੀਰਤਨ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ, ਮੌ ਸਾਹਿਬ (ਜਲੰਧਰ) ਤੋਂ ਸਵੇਰੇ ਰਵਾਨਾ ਹੋ ਕੇ ਰਾਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਹਿੰਦ ਵਿਖੇ ਵਿਸ਼ਰਾਮ ਕਰੇਗਾ।
ਇਸ ਮੌਕੇ ਬਾਬਾ ਨਿਰਮਲ ਸਿੰਘ, ਸੰਤ ਜਗਜੀਤ ਸਿੰਘ ਜੀ ਹਰਖੋਵਾਲ, ਸ੍ਰ: ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਕਸ਼ਮੀਰ ਸਿੰਘ ਸਾਬਕਾ ਮੈਂਬਰ, ਸ੍ਰ: ਸਵਰਨ ਸਿੰਘ ਕੁਲਾਰ, ਸ੍ਰ: ਬਲਦੇਵ ਸਿੰਘ ਕਲਿਆਣ, ਸ੍ਰ: ਸ਼ਿੰਗਾਰਾ ਸਿੰਘ ਲੋਹੀਆਂ, ਬੀਬੀ ਗੁਰਮੀਤ ਕੌਰ ਮੈਂਬਰ, ਬੀਬੀ ਉਪਿੰਦਰਜੀਤ ਕੌਰ ਸਾਬਕਾ ਮੰਤਰੀ ਪੰਜਾਬ, ਸ੍ਰ: ਵਿਰਸਾ ਸਿੰਘ ਵਲਟੋਹਾ ਵਿਧਾਇਕ, ਬਾਬਾ ਸੋਹਨ ਸਿੰਘ ਜੀ, ਸ੍ਰ: ਹਰਭਜਨ ਸਿੰਘ ਮਨਾਵਾਂ, ਸ੍ਰ: ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ੍ਰ: ਜਗਜੀਤ ਸਿੰਘ ਤੇ ਸ੍ਰ: ਜਸਵਿੰਦਰ ਸਿੰਘ ਦੀਨਪੁਰ ਮੀਤ ਸਕੱਤਰ, ਸ੍ਰ: ਹਰਜੀਤ ਸਿੰਘ ਲਾਲੂ ਘੁੰਮਣ ਤੇ ਸ੍ਰ: ਗੁਰਮੀਤ ਸਿੰਘ ਬੁੱਟਰ ਮੀਤ ਸਕੱਤਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਤੇਜਿੰਦਰ ਸਿੰਘ ਪੱਡਾ ਤੇ ਸ੍ਰ: ਨਿਰਵੈਲ ਸਿੰਘ ਇੰਚਾਰਜ, ਸ੍ਰ: ਰੇਸ਼ਮ ਸਿੰਘ ਗੁਰਦੁਆਰਾ ਇੰਸਪੈਕਟਰ, ਸ੍ਰ: ਸਤਨਾਮ ਸਿੰਘ ਰਿਆੜ, ਸ੍ਰ: ਹਰਭਜਨ ਸਿੰਘ ਬੇਦੀ ਫਲਾਇੰਗ, ਸ੍ਰ: ਰਣਜੀਤ ਸਿੰਘ ਕਲਿਆਣਪੁਰ, ਸ੍ਰ: ਬਖਸ਼ੀਸ਼ ਸਿੰਘ ਫੌਜੀ, ਸ੍ਰ: ਗੁਲਵਿੰਦਰ ਸਿੰਘ, ਸ੍ਰ: ਕੁਲਦੀਪ ਸਿੰਘ ਤੇ ਸ੍ਰ: ਪਲਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ, ਸ੍ਰ: ਬਲਜਿੰਦਰ ਸਿੰਘ ਬੱਦੋਵਾਲ ਸੁਪਰਵਾਈਜ਼, ਸ੍ਰ: ਸਤਨਾਮ ਸਿੰਘ ਸਰਹਾਲੀ ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ, ਸ੍ਰ: ਅਰਜਨ ਸਿੰਘ ਮੈਨੇਜਰ, ਸ੍ਰ: ਹਰਮੀਤ ਸਿੰਘ ਵਿਧਾਇਕ, ਪ੍ਰਿੰਸੀਪਲ ਬਲਦੇਵ ਸਿੰਘ, ਸ੍ਰ: ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਕੰਧ ਸਾਹਿਬ, ਸ੍ਰ: ਦਵਿੰਦਰ ਸਿੰਘ ਮੈਨੇਜਰ ਰੱਤੋਕੇ, ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ, ਭਾਈ ਹੀਰਾ ਸਿੰਘ ਮਨਿਹਾਲਾ, ਭਾਈ ਗੁਰਬਚਨ ਸਿੰਘ ਕਲਸੀ, ਭਾਈ ਦਿਲਬਾਗ ਸਿੰਘ ਸਭਰਾ, ਭਾਈ ਹਰਜੀਤ ਸਿੰਘ ਸੁਲਤਾਨਪੁਰੀ, ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਪਰਮਜੀਤ ਸਿੰਘ, ਭਾਈ ਅਮਰ ਸਿੰਘ ਮਿਸ਼ਨਰੀ, ਸ੍ਰ: ਸੁਖਵੰਤ ਸਿੰਘ ਪ੍ਰਚਾਰਕ , ਸ੍ਰ: ਮਲਕੀਤ ਸਿੰਘ ਬਸਰਾਵਾਂ, ਸ੍ਰ: ਜਸਕਿਰਨ ਸਿੰਘ ਡਿਪਟੀ ਕਮਿਸਨਰ ਕਪੂਰਥਲਾ, ਸ੍ਰ: ਰਜਿੰਦਰ ਸਿੰਘ ਐਸ ਐਸ ਪੀ, ਡਾ: ਚਾਰੂ ਮਿੱਤਰਾ ਐਸ ਡੀ ਐਮ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।