

ਨੌਜੁਆਨੀ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਯਤਨਾਂ ਦਾ ਹਿੱਸਾ ਬਣੇ ਸੰਗਤ -ਪ੍ਰੋ: ਬਡੂੰਗਰ
ਮਾਲਵਾ, ਦੋਆਬਾ ਅਤੇ ਹਰਿਆਣਾ ਤੋਂ ਬਾਅਦ ਮਾਝਾ ਖੇਤਰ ਵਿਚ ਧਰਮ ਪ੍ਰਚਾਰ ਲਹਿਰ ਦਾ ਆਗਾਜ਼
ਬਾਬਾ ਨਿਧਾਨ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ
ਅੰਮ੍ਰਿਤਸਰ, 4 ਅਗਸਤ- ਧਰਮ ਪ੍ਰਚਾਰ ਲਹਿਰ ਨੂੰ ਮਾਝੇ ਖੇਤਰ ਅੰਦਰ ਪ੍ਰਚੰਡ ਕਰਨ ਲਈ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰਮਤਿ ਦੀ ਰੌਸ਼ਨੀ ਵਿਚ ਜੀਣ ਦੀ ਚਾਹਤ ਸਾਨੂੰ ਅਧਿਆਤਮਕ ਤੇ ਸਮਾਜਕ ਤੌਰ ‘ਤੇ ਪ੍ਰਸੰਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਸਮਾਜ ਵਿਚ ਫੈਲੀਆਂ ਕੁਰੀਤੀਆਂ ਨਾਲ ਪੈਦਾ ਹੋਏ ਅਸੰਤੁਲਨ ਨੂੰ ਦੂਰ ਕਰਨ ਲਈ ਗੁਰਮਤਿ ਜੁਗਤ ਨੂੰ ਅਪਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚੋਂ ਸਾਨੂੰ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਸਬੰਧਤ ਸੇਧ ਪ੍ਰਾਪਤ ਹੁੰਦੀ ਹੈ ਪਰ ਇਸ ਲਈ ਸਾਨੂੰ ਗੁਰਬਾਣੀ ਦੀ ਵਿਚਾਰਧਾਰਾ ਨੂੰ ਅਮਲ ਵਿਚ ਲਿਆਉਣਾ ਪਵੇਗਾ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਦਾ ਮਕਸਦ ਵੀ ਸੰਗਤ ਨੂੰ ਗੁਰਮਤਿ ਨਾਲ ਜੋੜਨਾ ਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮਾਝਾ ਇਲਾਕੇ ਅੰਦਰ ਧਰਮ ਪ੍ਰਚਾਰ ਲਹਿਰ ਦੀ ਅਗਵਾਈ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਰਨਗੇ। ਉਨ੍ਹਾਂ ਬੱਚਿਆਂ ਤੇ ਨੌਜੁਆਨਾਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਵਿਚ ਸਹਿਯੋਗ ਕਰਨ ਦੀ ਸੰਗਤ ਨੂੰ ਅਪੀਲ ਕੀਤੀ। ਪ੍ਰੋ: ਬਡੂੰਗਰ ਨੇ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੇਵਾ ਦੇ ਖੇਤਰ ਵਿਚ ਮਿਸਾਲੀ ਯੋਗਦਾਨ ਹੈ ਅਤੇ ਅਜਿਹੀ ਸੇਵਾ ਨੂੰ ਸਮਰਪਿਤ ਸ਼ਖਸੀਅਤ ਦਾ ਜੀਵਨ ਸਮਾਜ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਆਪਣੇ ਸੰਬੋਧਨ ਵਿਚ ਸੇਵਾ, ਸਿਮਰਨ ਤੇ ਪਰਉਪਕਾਰੀ ਸ਼ਖਸੀਅਤ ਭਗਤ ਪੂਰਨ ਸਿੰਘ ਦੀ ਮਨੁੱਖਤਾ ਪ੍ਰਤੀ ਵਡਮੁੱਲੀ ਦੇਣ ਨੂੰ ਵੀ ਸਤਿਕਾਰ ਭੇਟ ਕੀਤਾ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਧਰਮ ਅੰਦਰ ਵਹਿਮਾਂ-ਭਰਮਾਂ ਅਤੇ ਪਾਖੰਡਵਾਦ ਲਈ ਕੋਈ ਥਾਂ ਨਹੀਂ ਹੈ ਅਤੇ ਸਿੱਖ ਕੇਵਲ ਇੱਕ ਅਕਾਲ ਦਾ ਉਪਾਸ਼ਕ ਹੈ। ਪਰੰਤੂ ਦੁੱਖ ਦੀ ਗੱਲ ਹੈ ਕਿ ਅੱਜ ਸਮਾਜ ਵਿਚ ਪਾਖੰਡਵਾਦ ਬਹੁਤ ਭਾਰੂ ਹੋ ਚੁੱਕਾ ਹੈ ਜਿਸ ਤੋਂ ਛੁਟਕਾਰਾ ਪਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਆਖਿਆ ਕਿ ਸਮਾਜ ਵਿਚੋਂ ਫੋਕਟ ਕਰਮਕਾਂਡਾਂ ਅਤੇ ਵਹਿਮਾਂ-ਭਰਮਾਂ ਦੇ ਖਾਤਮੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਇਸ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਵੱਲੋਂ ਸਿਰੋਪਾਓ, ਲੋਈ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ ਨੇ ਸੰਗਤ ਨੂੰ ਗੁਰਮਤਿ ਸਿਧਾਂਤਾਂ ਨਾਲ ਜੋੜਿਆ ਉਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਅਤੇ ਭਾਈ ਰਾਇ ਸਿੰਘ ਦੇ ਜਥਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਸੁਰਜੀਤ ਸਿੰਘ ਭਿੱਟੇਵਡ, ਭਾਈ ਰਾਮ ਸਿੰਘ, ਮੈਂਬਰ ਜਥੇਦਾਰ ਸੁੱਚਾ ਸਿੰਘ ਲੰਗਾਹ, ਭਾਈ ਮਨਜੀਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਬੀਬੀ ਕਿਰਨਜੋਤ ਕੌਰ, ਸ. ਅਜਾਇਬ ਸਿੰਘ ਅਭਿਆਸੀ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਵੀਰ ਸਿੰਘ ਲੋਪੋਕੇ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਜੋਧ ਸਿੰਘ ਸਮਰਾ, ਸ. ਅਮਰਜੀਤ ਸਿੰਘ ਬੰਡਾਲਾ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਗੁਰਮੀਤ ਸਿੰਘ ਬੂਹ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਭਗਵੰਤ ਸਿੰਘ ਸਿਆਲਕਾ, ਸ. ਗੁਰਨਾਮ ਸਿੰਘ ਜੱਸਲ, ਸ. ਅਮਰੀਕ ਸਿੰਘ ਵਿਛੋਆ, ਸ. ਸੁਖਵਰਸ਼ ਸਿੰਘ, ਬੀਬੀ ਅਜਾਇਬ ਕੌਰ ਭੋਤਨਾ, ਸ. ਸੱਜਣ ਸਿੰਘ ਬੱਜੂਮਾਨ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਸ. ਬਲਦੇਵ ਸਿੰਘ ਚੂੰਘਾਂ, ਸ. ਬਿਕਰਮਜੀਤ ਸਿੰਘ ਕੋਟਲਾ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਰਤਨ ਸਿੰਘ ਜਫਰਵਾਲ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਗੁਰਦੇਵ ਸਿੰਘ ਘਣੂਪੁਰ ਵਾਲੇ, ਬਾਬਾ ਪ੍ਰੇਮ ਸਿੰਘ ਦਲ ਬਾਬਾ ਬਿਧੀ ਚੰਦ, ਬਾਬਾ ਨਾਹਰ ਸਿੰਘ ਸਾਧ ਜੀ, ਬਾਬਾ ਸੁਖਦੇਵ ਸਿੰਘ ਖਿਆਲੇ ਵਾਲੇ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਮਨਮੋਹਨ ਸਿੰਘ ਭੰਗਾਲੀ, ਬਾਬਾ ਮੇਜਰ ਸਿੰਘ ਵਾਂ ਵਾਲੇ, ਬਾਬਾ ਅਵਤਾਰ ਸਿੰਘ ਕਾਰਸੇਵਾ ਕਪੂਰਥਲਾ, ਬਾਬਾ ਅਮਰੀਕ ਸਿੰਘ ਤੇ ਬਾਬਾ ਸੁਬੇਗ ਸਿੰਘ ਗੋਇੰਦਵਾਲ ਵਾਲੇ, ਬਾਬਾ ਗੱਜਣ ਸਿੰਘ ਕਾਰ ਸੇਵਾ, ਬਾਬਾ ਸੋਹਣ ਸਿੰਘ ਕਾਰ ਸੇਵਾ, ਬਾਬਾ ਹਰਭਿੰਦਰ ਸਿੰਘ ਟਾਹਲੀ ਸਾਹਿਬ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ ਤੇ ਡਾ. ਰੂਪ ਸਿੰਘ, ਐਡੀਸ਼ਨਲ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਡਾ. ਪਰਮਜੀਤ ਸਿੰਘ ਸਰੋਆ, ਸ. ਮਹਿੰਦਰ ਸਿੰਘ ਆਹਲੀ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ. ਗੁਰਪ੍ਰਤਾਪ ਸਿੰਘ ਟਿੱਕਾ ਅਕਾਲੀ ਆਗੂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।