ਅੰਮ੍ਰਿਤਸਰ : 7 ਅਗਸਤ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਸਿੱਖ ਜਗਤ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ ਸੰਭਾਲ, ਸਤਿਕਾਰ ਅਤੇ ਮਰਯਾਦਾ ਦੀ ਬਹਾਲੀ ਲਈ ਸੁਚੇਤ ਹੋ ਕੇ ਸੇਵਾ ਨਿਭਾਉਣ। ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਨਿੱਤ ਦੀਆਂ ਸ਼ਾਰਟ ਸਰਕਟਾਂ ਦੀਆਂ ਘਟਨਾਵਾਂ ਵਾਪਰਨਾ ਬਹੁਤ ਹੀ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਇਲਾਵਾ ਹਰ ਧਰਮ ਦੇ ਭਗਤਾਂ ਤੇ ਭੱਟਾਂ ਦੀ ਬਾਣੀ ਦਰਜ ਹੈ। ਉਨ੍ਹਾਂ ਕਿਹਾ ਕਿ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਜਿੱਥੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਓਥੇ ਹਰ ਧਰਮ ਦੇ ਭਗਤਾਂ ਦੀ ਬਾਣੀ ਨੂੰ ਅੰਕਿਤ ਕਰਕੇ ਸਭ ਧਰਮਾਂ ਨੂੰ ਬਰਾਬਰ ਦਾ ਮਾਣ ਸਤਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਂਝੀ ਵਾਲਤਾ ਦੇ ਪ੍ਰਤੀਕ ਹਨ ਤੇ ਇਸ ਵਿਚਲੀ ਬਾਣੀ ਸਰਬ-ਸਾਂਝੀ ਬਾਣੀ ਹੈ, ਜਿਸ ਦਾ ਸਤਿਕਾਰ ਕਰਨਾ ਹਰ ਧਰਮ ਅਤੇ ਹਰ ਜਾਤੀ ਦੇ ਮਨੁੱਖ ਦਾ ਮੁਢਲਾ ਫ਼ਰਜ ਹੈ।
ਜਥੇਦਾਰ ਅਵਤਾਰ ਸਿੰਘ ਨੇ ਜਿੱਥੇ ਸਮੂਹ ਰਾਜਨੀਤਕ ਅਤੇ ਸਮਾਜਿਕ ਪਾਰਟੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਰੱਖਣ ਲਈ ਅਪੀਲ ਕੀਤੀ ਓਥੇ ਸਮੁੱਚੀਆਂ ਧਾਰਮਿਕ ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਸੰਤਾਂ-ਮਹਾਂਪੁਰਸ਼ਾਂ, ਸੇਵਾ ਦਲਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪੋ ਆਪਣੇ ਖੇਤਰਾਂ ਵਿੱਚ ਗੁਰੂ ਘਰਾਂ ਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਦਬ ਸਤਿਕਾਰ ਨੂੰ ਕਾਇਮ ਰੱਖਣ ਲਈ ਨਿੱਜੀ ਅਸਥਾਨ (ਸੁਖਆਸਣ ਸਾਹਿਬ) ਅਤੇ ਪ੍ਰਕਾਸ਼ ਅਸਥਾਨ ਵਾਲੇ ਪੀੜ੍ਹਾ ਸਾਹਿਬ, ਪਾਲਕੀ ਸਾਹਿਬ ਜਾਂ ਕਮਰੇ ਆਦਿ ਦੀ ਸੇਵਾ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਵਧੇਰੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਆਮ ਤੌਰ ਤੇ ਗੁਰਦੁਆਰਾ ਸਾਹਿਬਾਨ ਦੀ ਵਾਇਰਿੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤੇ ਬਹੁਤ ਹੀ ਹਲਕੀ ਕਿਸਮ ਦੀ ਵਾਇਰਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀ ਵਾਇਰਿੰਗ ਵਧੀਆ ਕਿਸਮ ਦੀ ਤੇ ਉਸ ਅੰਦਰ ਲੱਗਣ ਵਾਲੇ ਬਿਜਲੀ ਦੇ ਉਪਕਰਨ ਪੱਖੇ, ਬਲਬ, ਟਿਊਬ ਲਾਈਟਾਂ, ਬਿਜਲੀ ਦੇ ਸਵਿੱਚ, ਕੂਲਰ ਅਤੇ ਏ ਸੀ ਆਦਿ ਵੀ ਵਧੀਆ ਕਿਸਮ ਦੇ ਲਗਾਏ ਜਾਣ ਅਤੇ ਸੁਖਆਸਣ ਸਾਹਿਬ ਸਮੇਂ ਇਹ ਸਾਰੇ ਉਪਕਰਨ ਬੰਦ ਕਰ ਦਿੱਤੇ ਜਾਣ ਤਾਂ ਜੋ ਸ਼ਾਰਟ ਸਰਕਟ ਹੋਣ ਦੀ ਗੁੰਜਾਇਸ਼ ਨਾ ਰਹੇ ਅਤੇ ਰਾਤ ਸਮੇਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਿਆ ਜਾ ਸਕੇ।
ਉਨ੍ਹਾਂ ਬੜੇ ਦੁੱਖ ਨਾਲ ਕਿਹਾ ਕਿ ਗੁਰੂ ਘਰਾਂ ਵਿੱਚ ਅਕਸਰ ਸ਼ਾਰਟ ਸਰਕਟ ਹੋਣ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਦੀਆਂ ਵਾਪਰ ਰਹੀਆਂ ਘਟਨਾਵਾਂ ਬਹੁਤ ਹੀ ਹਿਰਦੇ ਵੇਦਕ ਅਤੇ ਦੁੱਖਦਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਗਰ ਪਹਿਲਾਂ ਹੀ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਨਹੀਂ ਵਾਪਰ ਸਕਦੀਆਂ।