ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਸ਼ਨਿਚਰਵਾਰ, ੯ ਚੇਤ (ਸੰਮਤ ੫੫੭ ਨਾਨਕਸ਼ਾਹੀ) ੨੨ ਮਾਰਚ, ੨੦੨੫ (ਅੰਗ: ੬੮੦)

ਭਲਕੇ 30 ਅਗਸਤ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਵੇਗਾ ਵਿਸ਼ੇਸ਼ ਸੈਮੀਨਾਰ
31 ਅਗਸਤ ਨੂੰ ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਹੋਵੇਗਾ ਕੀਰਤਨ ਦਰਬਾਰ ਤੇ 1 ਸਤੰਬਰ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਅੰਮ੍ਰਿਤਸਰ, 29 ਅਗਸਤ-
ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 30 ਅਗਸਤ ਨੂੰ ਸ. ਸੁੰਦਰ ਸਿੰਘ ਮਜੀਠੀਆ ਹਾਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। 31 ਅਗਸਤ ਨੂੰ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਕੀਰਤਨ ਦਰਬਾਰ ਹੋਵੇਗਾ ਅਤੇ 1 ਸਤੰਬਰ ਨੂੰ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ 30 ਅਗਸਤ ਨੂੰ ਖਾਲਸਾ ਕਾਲਜ ਵਿਖੇ ਹੋਣ ਵਾਲੇ ਸੈਮੀਨਾਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਨਗੇ। ਸੈਮੀਨਾਰ ਦੌਰਾਨ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਤੇ ਬਾਣੀ ਬਾਰੇ ਵੱਖ-ਵੱਖ ਬੁਲਾਰਿਆਂ ਵੱਲੋਂ ਕੁੰਜੀਵਤ ਭਾਸ਼ਣ ਦਿੱਤਾ ਜਾਵੇਗਾ। ਸ. ਕਾਹਲਵਾਂ ਨੇ ਦੱਸਿਆ ਕਿ ਸ਼ਤਾਬਦੀ ਨੂੰ ਸਮਰਪਿਤ 31 ਅਗਸਤ ਨੂੰ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਅਤੇ ਰਾਤ 8 ਵਜੇ ਤੋਂ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 1 ਸਤੰਬਰ ਨੂੰ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ, ਪੰਡੋਰੀ, ਭੁੱਲਰ, ਬਾਠ, ਕੰਗ, ਬਾਣੀਆਂ ਅਤੇ ਸ੍ਰੀ ਖਡੂਰ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੁੱਜੇਗਾ। ਸਕੱਤਰ ਸ. ਕਾਹਲਵਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼ਤਾਬਦੀ ਸਬੰਧੀ ਹੋਣ ਵਾਲੇ ਸਮਾਗਮਾਂ ਵਿਚ ਪਰਿਵਾਰਾਂ ਸਮੇਤ ਹਾਜ਼ਰੀ ਭਰਨ।