ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਇਸ ਪਿੱਛੇ ਹੋ ਸਕਦੀ ਹੈ ਗਹਿਰੀ ਸਾਜ਼ਿਸ਼, ਦੋਸ਼ੀਆਂ ਪਾਸੋਂ ਸਖ਼ਤੀ ਨਾਲ ਹੋਵੇ ਪੁੱਛਗਿਛ

ਅੰਮ੍ਰਿਤਸਰ, 17 ਅਗਸਤ-
ਨਵੰਬਰ 1984 ਵਿਚ ਦਿੱਲੀ ਵਿਖੇ ਕੀਤੇ ਗਏ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦਾ ਅੰਮ੍ਰਿਤਸਰ ਵਿਖੇ ਕੁਝ ਲੋਕਾਂ ਵੱਲੋਂ ਜਨਮ ਦਿਨ ਮਨਾਉਣ ਅਤੇ ਇਸ ਸਬੰਧ ਵਿਚ ਥਾਂ-ਥਾਂ ਫਲੈਕਸ ਬੋਰਡ ਲਗਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਆਖਿਆ ਕਿ ਜਗਦੀਸ਼ ਟਾਈਟਲਰ ਸਿੱਖ ਕੌਮ ਦਾ ਦੋਸ਼ੀ ਹੈ ਅਤੇ ਅੰਮ੍ਰਿਤਸਰ ਦੇ ਵਸਨੀਕ ਕਰਮਜੀਤ ਸਿੰਘ (ਕਰਮ ਗਿੱਲ) ਨਾਂ ਦੇ ਵਿਅਕਤੀ ਵੱਲੋਂ ਉਸ ਦਾ ਜਨਮ ਦਿਨ ਮਨਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਦੀ ਵੀ ਸਿੱਖ ਕਤਲੇਆਮ ਨੂੰ ਨਹੀਂ ਭੁੱਲ ਸਕਦੀ। ਇਸ ਕਤਲੇਆਮ ਦੌਰਾਨ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਅਤੇ ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਗਿਆ। ਇਥੋਂ ਤੱਕ ਕੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਜਗਦੀਸ਼ ਟਾਈਟਲਰ ਵਿਰੁੱਧ ਸਿੱਖਾਂ ਵਿਚ ਲਗਾਤਾਰ ਭਾਰੀ ਰੋਸ ਚਲਦਾ ਆ ਰਿਹਾ ਹੈ, ਤਾਂ ਅਜਿਹੇ ਵਿਚ ਉਕਤ ਵਿਅਕਤੀ ਵੱਲੋਂ ਜਾਣਬੁਝ ਕੇ ਘਨੌਣੀ ਕਾਰਵਾਈ ਕਰਨੀ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਜਿਹੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਬੇਨਕਾਬ ਹੋਣੀਆਂ ਚਾਹੀਦੀਆਂ ਹਨ। ਇਕੱਲਾ ਕਰਮਜੀਤ ਸਿੰਘ ਗਿੱਲ ’ਤੇ ਹੀ ਨਹੀਂ ਸਗੋਂ ਇਸ ਪਿੱਛੇ ਕੰਮ ਕਰਨ ਵਾਲੇ ਸਾਰੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਪੰਜਾਬ ’ਚ ਸ਼ਾਂਤੀ ਬਰਕਰਾਰ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ’ਤੇ ਮੂਕ-ਦਰਸ਼ਕ ਬਣ ਕੇ ਨਾ ਵੇਖੇ, ਸਗੋਂ ਸਬੰਧਤ ਵਿਅਕਤੀਆਂ ਪਾਸੋਂ ਸਖ਼ਤੀ ਨਾਲ ਪੁੱਛ ਗਿੱਛ ਕਰ ਕੇ ਹਰ ਚਿਹਰਾ ਜਨਤਕ ਕਰੇ।