ਅਮਰੀਕਾ ਦੇ ਲਾਂਸ ਏਂਜਲਸ ਦੇ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਕਰਨਾ ਅਫਸੋਸਨਾਕ ਕਾਰਾ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ 10 ਦਸੰਬਰ (        ) ਅਮਰੀਕਾ ਦੇ ਲਾਂਸ ਏਂਜਲਸ ਦੇ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਕਰਨਾ ਅਫਸੋਸਨਾਕ ਕਾਰਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲਾਸ ਏਂਜਲਸ ਦੇ ਉਪ ਨਗਰੀ ਇਲਾਕੇ ‘ਚ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਕਰਨ ਤੇ ਗੁਰਦੁਆਰਾ ਸਾਹਿਬ ਦੀ ਦੀਵਾਰ ਤੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਆਈ ਐੱਸ ਆਈ ਵਿਰੁੱਧ ਨਾਹਰੇ ਲਿਖਣ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਬਰਾਕ ਓਬਾਮਾ ਨੂੰ ਚਿੱਠੀ ਲਿਖੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਪੱਤਰਕਾ ਦਾ ਉਤਾਰਾ ਦਿੱਲੀ ਵਿਖੇ ਸਥਿਤ ਅਮਰੀਕਾ ਦੇ ਰਾਜਦੂਤ ਨੂੰ ਭੇਜਿਆ ਜਾਵੇਗਾ ਅਤੇ ਇਕ ਪੱਤਰਕਾ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਲਿਖੀ ਜਾਵੇਗੀ।

ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਸਿੱਖਾਂ ਤੇ ਵਾਰ-ਵਾਰ ਨਸਲੀ ਹਮਲੇ ਸਿੱਖਾਂ ਦੀ ਤੁਲਨਾ ਮੁਸਲਮਾਨਾਂ ਨਾਲ ਕਰਨ ਕਰਕੇ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਅਮਰੀਕਾ ਦੇ ਗੁਰਦੁਆਰਾ ਸਾਹਿਬ ‘ਚ ਤਕਰੀਬਨ ੮੦੦ ਸਿੱਖ ਹਰ ਹਫਤੇ ਨਤਮਸਤਿਕ ਹੋਣ ਜਾਂਦੇ ਹਨ ਅਜਿਹੇ ਹਮਲੇ ਉਨ੍ਹਾਂ ਦੀ ਸੁਰੱਖਿਆ ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹਨ।ਉਨ੍ਹਾਂ ਕਿਹਾ ਕਿ ਇਸ ਸ਼ਰਮਨਾਕ ਘਟਨਾ ਨਾਲ ਪੂਰੇ ਸਿੱਖ ਸਮਾਜ ਵਿੱਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿੱਖ ਇਕ ਬਹਾਦਰ, ਨਿਡਰ ਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਹੈ।ਉਨ੍ਹਾਂ ਕਿਹਾ ਕਿ ਸਿੱਖ ਜਿਸ ਕਿਸੇ ਮੁਲਕ ਵਿੱਚ ਵੀ ਗਏ ਉਥੋਂ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਸੰਸਾਰ ਦੀ ਦੂਸਰੀ ਜੰਗ ਵਿੱਚ ਸਿੱਖਾਂ ਨੇ ਪੱਛਮੀ ਦੇਸ਼ਾਂ ਵੱਲੋਂ ਜੰਗ ਲੜ ਕੇ ਕੁਰਬਾਨੀਆਂ ਦੇ ਕੇ ਮਹੱਤਵਪੂਰਨ ਯੋਗਦਾਨ ਪਾਇਆ।ਉਨ੍ਹਾਂ ਅਮਰੀਕਾ ਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਨਸਲੀ ਭਾਵਨਾਵਾਂ ਨੂੰ ਭੜਕਾਉਣ ਦਾ ਕੋਝਾ ਯਤਨ ਕੀਤਾ ਹੈ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਨਾ ਦੇਵੇ।

ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪੰਥ ਪ੍ਰਵਾਨਿਤ ਅਰਦਾਸ ਬਦਲਣ ਦਾ ਕੋਈ ਹੱਕ ਨਹੀਂ।ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਇਹ ਅਰਦਾਸ ਬਦਲੀ ਹੈ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਸ ਕੇਸ ਦਾ ਫੈਂਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਅਗਲੇਰੀ ਇਕੱਤਰਤਾ ਵਿੱਚ ਹੋਵੇਗਾ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਦੇ ਮਾਹਿਰ ਡਾਕਟਰਾਂ ਦੀ ਟੀਮ ਨਾਲ ੧੨ ਤਾਰੀਖ ਨੂੰ ਕਸ਼ਮੀਰ ਦੇ ਬਾਰਾਮੁੱਲਾ ਤੇ ਤਰਾਵਲ ਇਲਾਕੇ ਵਿੱਚ ਮੈਡੀਕਲ ਕੈਂਪ ਲਗਾਇਆ ਜਾਵੇਗਾ ਤੇ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਵਿਖੇ ੧੩ ਤਾਰੀਖ ਨੂੰ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਵਿਸ਼ੇਸ਼ ਟੀਮ ਮਰੀਜ਼ਾਂ ਦਾ ਚੈਕਅੱਪ ਕਰੇਗੀ।ਜਿਸ ਵਿੱਚ ਮੈਡੀਸੀਨ, ਸਰਜਰੀ, ਈ ਐਨ ਟੀ, ਓਬਨਗਾਇਨੀਕਾਲੋਜੀ, ਪੇਡੀਆਟ੍ਰਿਕਟਸ ਅਤੇ ਆਰਥੋ ਦੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਨਗੇ।ਉਨ੍ਹਾਂ ਕਿਹਾ ਕਿ ਇਸ ਇਲਾਜ ਵਿੱਚ ਹੋਣ ਵਾਲੇ ਨਾਰਮਲ ਟੈਸਟ ਬਿਲਕੁਲ ਫਰੀ ਹੋਣਗੇ।ਉਨ੍ਹਾਂ ਕਿਹਾ ਕਿ ਜੇ ਕਸ਼ਮੀਰ ਦੇ ਲੋਕ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖਲ ਹੋਣ ਲਈ ਆਉਣਗੇ ਤਾਂ ਉਨ੍ਹਾਂ ਦਾ ਇਲਾਜ ਤੇ ਟੈਸਟਾਂ ਦਾ ਖਰਚਾ ਬਿਲਕੁਲ ਫਰੀ ਹੋਵੇਗਾ, ਪਰ ਕੁਝ ਵੱਡੇ ਟੈਸਟ ਐਮ ਆਰ ਆਈ ਤੇ ਸੀ ਟੀ ਸਕੈਨ ਆਦਿ ਵਰਗੇ ੫੦% ਡਿਸਕਾਊਂਟ ਦੇ ਨਾਲ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਜੇ ਕਿਸੇ ਮਰੀਜ਼ ਦਾ ਅਪਰੇਸ਼ਨ ਕਰਨ ਦੀ ਲੋੜ ਪਈ ਤਾਂ ਉਹ ਵੀ ਬਿਲਕੁਲ ਫਰੀ ਕੀਤਾ ਜਾਵੇਗਾ।ਉਨ੍ਹਾਂ ਕਸ਼ਮੀਰ ਦੇ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਉਂਦੇ ਹੋਏ ਕੈਂਪਾਂ ਵਿੱਚ ਵੱਧ ਚੜ੍ਹਕੇ ਆਉਣ ਤੇ ਬੀਮਾਰੀਆਂ ਤੋਂ ਨਿਜਾਤ ਪਾ ਕੇ ਤੰਦਰੁਸਤ ਹੋਣ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਾ ਇਕ ਹੋਰ ਕੈਂਪ ਜੰਮੂ ਵਿਖੇ ਫਰਵਰੀ ੨੦੧੬ ਵਿੱਚ ਵੀ ਲਗਾਇਆ ਜਾਵੇਗਾ।

ਇਸ ਮੌਕੇ ਸ. ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਭਾਈ ਮਨਜੀਤ ਸਿੰਘ ਤੇ ਸ. ਜਗਸੀਰ ਸਿੰਘ ਮਾਂਗੇਆਣਾ ਮੈਂਬਰ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਹਰਦਲਬੀਰ ਸਿੰਘ ਸ਼ਾਹ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਮਹਿੰਦਰ ਸਿੰਘ ਆਹਲੀ ਤੇ ਸ. ਪ੍ਰਤਾਪ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸਤਬੀਰ ਸਿੰਘ ਓ ਐਸ ਡੀ, ਸ. ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਸ. ਸੁਲੱਖਣ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸ. ਜਤਿੰਦਰ ਸਿੰਘ ਵਧੀਕ ਮੈਨੇਜਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਸਹਾਇਕ ਸੁਪ੍ਰਿੰਟੈਂਡੈਂਟ, ਸ. ਗੁਰਿੰਦਰ ਸਿੰਘ ਨਿਜੀ ਸਹਾਇਕ, ਸ. ਅਰਵਿੰਦਰ ਸਿੰਘ ‘ਸਾਸਨ’ ਏ ਪੀ ਆਰ ਓ, ਸ. ਕਾਰਜ ਸਿੰਘ ਤੇ ਸ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।