ਅੰਮ੍ਰਿਤਸਰ : ੨੯ ਨਵੰਬਰ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਲੀਫੋਰਨੀਆ (ਅਮਰੀਕਾ) ਦੇ ਨਾਥਨ ਦੇ ਇਕ ਪ੍ਰਸਿੱਧ ਨੈਸਤਰਾਂ ਵੱਲੋਂ ਕਨੈਕਟੀਕਟ ਦੇ ਇਕ ਸਿੱਖ ਨੌਜਵਾਨ ਪਰਮਪਾਲ ਸਿੰਘ ਨੂੰ ਦਿੱਤੀ ਗਈ ਰਸੀਦ ਤੇ ਨਸਲੀ ਟਿੱਪਣੀ ਕਰਨ ਤੇ ਸਖ਼ਤ ਇਤਰਾਜ ਜਤਾਇਆ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਰਮਪਾਲ ਸਿੰਘ ਕੈਲੀਫੋਰਨੀਆ ਦੇ ਮੈਰੀਲੈਂਡ ਹਾਊਸ ਟਰੈਵਲ ਪਲਾਜ਼ਾ ਵਿੱਚ ਠਹਿਰੇ ਸਨ ਜਿਥੇ ਉਨ੍ਹਾਂ ਨੇ ਨਾਥਨ ਦੇ ਐਪਲ ਜੂਸ ਤੇ ਹੋਰ ਸਮਾਨ ਦਾ ਆਰਡਰ ਦਿੱਤਾ ਪਰ ਖਜਾਨਚੀ ਨੇ ਉਨ੍ਹਾਂ ਦੇ ਨਾਮ ਤੇ ਕੱਟੀ ਰਸੀਦ ਤੇ ਓਸਾਮਾ ਲਿਖ ਦਿੱਤਾ ਜਿਸ ਤੇ ਦੇਸ਼-ਵਿਦੇਸ਼ ਦੇ ਸਮੂਹ ਸਿੱਖ ਹਲਕਿਆਂ ਵਿੱਚ ਭਾਰੀ ਰੋਸ ਤੇ ਰੋਹ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਕ ਨਿਆਰੀ ਕੌਮ ਹੈ। ਇਹ ਜਿਸ ਕਿਸੇ ਮੁਲਕ ਵਿੱਚ ਵੀ ਗਏ ਹਨ ਇਨ੍ਹਾਂ ਓਥੋਂ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼-ਵਿਦੇਸ਼ ਵਿੱਚ ਸਿੱਖ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤ ਹਨ ਤੇ ਉਨ੍ਹਾਂ ਮਾਣ-ਸਨਮਾਨ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਪਰ ਵਿਦੇਸ਼ਾਂ ਵਿੱਚ ਸਮੇਂ-ਸਮੇਂ ਐਸੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤੇ ਸਿੱਖਾਂ ਪ੍ਰਤੀ ਕੋਈ ਨਾ ਕੋਈ ਟਿੱਪਣੀ ਹੁੰਦੀ ਰਹਿੰਦੀ ਹੈ ਜੋ ਉਚਿੱਤ ਨਹੀਂ। ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ ਨੂੰ ਅਮਰੀਕਾ ਦੀ ਸਰਕਾਰ ਨਾਲ ਰਾਫਤਾ ਕਾਇਮ ਕਰਕੇ ਐਸੀਆਂ ਘਟਨਾਵਾਂ ਰੋਕਣ ਲਈ ਅਪੀਲ ਕੀਤੀ। ਉਨ੍ਹਾਂ ਅਮਰੀਕਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਐਸੇ ਵਿਅਕਤੀ ਜੋ ਬਿਨਾ ਕਿਸੇ ਕਾਰਣ ਸਿੱਖਾਂ ਤੇ ਗਲਤ ਟਿੱਪਣੀਆਂ ਕਰਕੇ ਉਨ੍ਹਾਂ ਦਾ ਮਜਾਕ ਉਡਾਉਂਦੇ ਹਨ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਗਲਤੀ ਨਾ ਦੁਰਹਾਏ।