ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਫਦ ਮੁੱਖ ਮੰਤਰੀ ਤੇ ਗਵਰਨਰ ਨਾਲ ਕਰੇਗਾ ਮੁਲਾਕਾਤ – ਬੇਦੀ
ਅੰਮ੍ਰਿਤਸਰ : ੩੧ ਅਗਸਤ ( ) ਜੰਮੂ ਕਸ਼ਮੀਰ ਵਿੱਚ ਦਿਨ-ਪ੍ਰਤੀ ਦਿਨ ਵਿਗੜ ਰਹੇ ਹਾਲਾਤਾਂ ਅਤੇ ਸਿੱਖਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਗੱਲਬਾਤ ਕਰਨ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਮੈਂਬਰੀ ਵਫ਼ਦ ਕਸ਼ਮੀਰ ਭੇਜਿਆ ਗਿਆ।
ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਖੁਲਾਸਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਵਫ਼ਦ ਵਿੱਚ ਸ੍ਰ: ਰਾਜਿੰਦਰ ਸਿੰਘ ਮਹਿਤਾ ਅਤੇ ਸ੍ਰ: ਮੋਹਨ ਸਿੰਘ ਬੰਗੀਂ ਅੰਤ੍ਰਿੰਗ ਮੈਂਬਰ, ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ ਅਤੇ ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹ ਵਫ਼ਦ ਜੰਮੂ ਕਸ਼ਮੀਰ ਵਿਖੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਸਈਯਦ ਤੇ ਗਵਰਨਰ ਸ੍ਰੀ ਐਨ ਐਨ ਵੋਹਰਾ ਨੂੰ ਮਿਲ ਕੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਲਈ ਵਿਸ਼ੇਸ਼ ਵਿਵਸਥਾ ਕਰਨ ਲਈ ਜੋਰ ਦੇਵੇਗਾ। ਸ੍ਰ: ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਕਿਹਾ ਕਿ ੧੯੪੭ ਤੋਂ ਲੈ ਕੇ ਇਸ ਵਕਤ ਤੱਕ ਜੰਮੂ ਕਸ਼ਮੀਰ ਦੀ ਧਰਤੀ ਤੇ ਰਹਿ ਰਹੇ ਸਿੱਖਾਂ ਦੇ ਹਾਲਾਤ ਹਮੇਸ਼ਾਂ ਮਾੜੇ ਰਹੇ। ਉਨ੍ਹਾਂ ਕਿਹਾ ਕਿ ਕਸ਼ਮੀਰੀ ਸਿੱਖਾਂ ਦੇ ਬੱਚੇ ਪੜ੍ਹ ਲਿਖ ਕੇ ਵੀ ਬੇਕਾਰ ਹਨ ਅਤੇ ਸਰਕਾਰਾਂ ਨੇ ਘੱਟ ਗਿਣਤੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ੧੯੪੭ ਵਿੱਚ ਸ਼ਹੀਦ ਹੋਏ ਪੰਜਾਹ ਹਜ਼ਾਰ ਸਿੱਖਾਂ ਦਾ ਖੂਨ ਕਸ਼ਮੀਰ ਦੀ ਧਰਤੀ ਤੇ ਤਿੱਬਤ, ਗਿਲਗਤ, ਆਸਕਰਦੂਮ ਕਾਰਗਿਲ, ਚਕਾਰ, ਮੁਜ਼ੱਫਰਾਬਾਦ ਚਕੋਠੀ, ਬਾਰਾਮੂਲਾ, ਬਡਗਾਮ ਦਿਆਂ ਪਿੰਡਾਂ ਵਿੱਚ ਡੁੱਲ੍ਹਿਆ ਹੈ, ਪਰ ਏਨੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਕਸ਼ਮੀਰੀ ਸਿੱਖਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਸਕੇ। ਉਨ੍ਹਾਂ ਕਿਹਾ ਕਿ ਕਸ਼ਮੀਰੀ ਸਿੱਖ ਪੀੜ੍ਹੀ ਦਰ ਪੀੜ੍ਹੀ ਉਥੇ ਰਹਿ ਰਹੇ ਹਨ ਤੇ ਕਸ਼ਮੀਰ ਦੀ ਖੁਸ਼ਹਾਲੀ ਅਤੇ ਬਿਹਤਰੀ ਲਈ ਕਸ਼ਮੀਰੀ ਸਿੱਖਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਘੱਟ ਗਿ ਣਤੀ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੇ ਉਨ੍ਹਾਂ ਦੀਆਂ ਬਹੂ ਬੇਟੀਆਂ ਦੀ ਹਿਫ਼ਾਜਤ ਕਰਨਾ ਕਸ਼ਮੀਰ ਅਤੇ ਭਾਰਤ ਸਰਕਾਰ ਦਾ ਪਹਿਲਾ ਫ਼ਰਜ਼ ਹੈ।
ਸ੍ਰ: ਬੇਦੀ ਨੇ ਕਿਹਾ ਕਿ ਕਸ਼ਮੀਰ ਇਕ ਸੈਕੂਲਰ ਸਟੇਟ (ਧਰਮ ਨਿਰਪੱਖ ਰਾਜ) ਹੈ ਅਤੇ ਓਥੋਂ ਦੀ ਸਰਕਾਰ ਨੂੰ ਹਰ ਧਰਮ ਦੇ ਵਿਅਕਤੀਆਂ ਅਤੇ ਖਾਸ ਕਰ ਸਿੱਖ ਸਮੁਦਾਏ ਦਾ ਵਿਸੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਭੇਜਿਆ ਇਹ ਵਫਦ ਉਥੋਂ ਦੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵੱਖ-ਵੱਖ ਸਿੱਖਾਂ ਨਾਲ ਗੱਲਬਾਤ ਕਰੇਗਾ। ਇਹ ਵਫਦ ਅੱਜ ਸਵੇਰੇ ਕਸ਼ਮੀਰ ਲਈ ਰਵਾਨਾ ਹੋਇਆ ਹੈ।