ਅੰਮ੍ਰਿਤਸਰ, 25 ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰਸਿੱਧ ਵਿਦਵਾਨ ਪ੍ਰੋ. ਅੱਛਰੂ ਸਿੰਘ ਵੱਲੋਂ ਲਿਖਿਆ ਗਿਆ ਟ੍ਰੈਕਟ ‘ਬਜ਼ੁਰਗਾਂ ਦਾ ਸਤਿਕਾਰ ਸੁੱਖਾਂ ਦਾ ਆਧਾਰ’ ਲੋਕ ਅਰਪਣ ਕੀਤਾ।ਲੋਕ ਅਰਪਣ ਰਸਮ ਸਮੇਂ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ, ਐਡੀਸ਼ਨਲ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਡਾਇਰੈਕਟਰ ਐਜੂਕੇਸ਼ਨ ਡਾ. ਧਰਮਿੰਦਰ ਸਿੰਘ ਉੱਭਾ ਤੇ ਸ. ਬਲਜੀਤ ਸਿੰਘ ਬਰਾੜ ਹਾਜ਼ਰ ਸਨ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬਚਪਨ, ਜਵਾਨੀ ਤੇ ਬੁਢਾਪਾ ਮਨੁੱਖੀ ਜੀਵਨ ਤੇ ਤਿੰਨ ਅਹਿਮ ਪੜਾਅ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬੁਢਾਪਾ ਇੱਕ ਐਸੀ ਅਵਸਥਾ ਹੈ, ਜਿਸ ਸਮੇਂ ਮਨੁੱਖ ਨੂੰ ਸਹਾਰੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ।ਪਰ ਅੱਜ ਸਮਾਜ ਅੰਦਰ ਬਜ਼ੁਰਗਾਂ ਦੇ ਸਤਿਕਾਰ ਦੀ ਭਾਵਨਾ ਵਿਚ ਕਮੀ ਆ ਰਹੀ ਹੈ ਅਤੇ ਨੌਜਵਾਨੀ ਵਿਚ ਵੱਖਰੇ ਰਹਿਣ ਦੀ ਪ੍ਰਵਿਰਤੀ ਭਾਰੂ ਹੋ ਰਹੀ ਹੈ।ਉਨ੍ਹਾਂ ਪ੍ਰੋ. ਅੱਛਰੂ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੇ ਸਤਿਕਾਰ ਨੂੰ ਸੁੱਖਾਂ ਦੇ ਮੰਤਰ ਵਜੋਂ ਟ੍ਰੈਕਟ ਵਿਚ ਪ੍ਰਸਤੁਤ ਕਰ ਕੇ ਨੌਜਵਾਨੀ ਨੂੰ ਸਭਿਅਕ ਕਦਰਾਂ-ਕੀਮਤਾਂ ਨਾਲ ਜੋੜਿਆ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਲਿਖਤਾਂ ਨੌਜਵਾਨੀ ਨੂੰ ਸੰਸਕਾਰੀ ਬਨਾਉਣ ਲਈ ਵੱਡਾ ਰੋਲ ਅਦਾ ਕਰਦੀਆਂ ਹਨ।ਜ਼ਿਕਰਯੋਗ ਹੈ ਕਿ ਪ੍ਰੋ. ਅੱਛਰੂ ਸਿੰਘ ਨੇ ਮਨੁੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਆਪਣੀਆਂ ਲਿਖਤਾਂ ਦੁਆਰਾ ਭਰਪੂਰ ਯੋਗਦਾਨ ਪਾਇਆ ਹੈ।