ਅੰਮ੍ਰਿਤਸਰ 4 ਦਸੰਬਰ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆਂ ਦੇ ਪੋਲੈਂਡ ਵਿੱਚ ਇਕ ਸਿੱਖ ਨੌਜਵਾਨ ਤੇ ਨਸਲੀ ਹਮਲਾ ਹੋਣ ‘ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਏ ਵਿੱਚ ਇਕ ਛਪੀ ਖਬਰ ਮੁਤਾਬਿਕ ਬਰਤਾਨੀਆ ਦੇ ਇਕ ੨੫ ਸਾਲਾ ਦਸਤਾਰਧਾਰੀ ਇੰਜੀਨੀਅਰ ਨਵ ਸਾਹਨੀ ਦੇ ਕਰਾਕੋ ਵਿਖੇ ਕਿਸੇ ਕਲੱਬ ਦੇ ਬਾਹਰ ਬਾਊਂਸਰ ਨੇ ਉਨਾਂ ਨੂੰ ਦਸਤਾਰ ਬੰਨ੍ਹੀ ਹੋਣ ਕਾਰਣ ਮੁਸਲਿਮ ਅੱਤਵਾਦੀ ਕਹਿ ਕੇ ਚਿਹਰੇ ਤੇ ਮੁੱਕਾ ਮਾਰ ਦਿੱਤਾ ਜੋ ਬਹੁਤ ਹੀ ਮੰਦਭਾਗੀ ਤੇ ਦੁੱਖਦਾਈ ਘਟਨਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਆ ਰਹੇ ਹਨ ਜੋ ਉਚਿੱਤ ਨਹੀਂ ਹੈ।ਉਨ੍ਹਾਂ ਵਿਦੇਸ਼ ਦੀਆਂ ਸੋਸ਼ਲ ਸਿੱਖ ਸੁਸਾਇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਕਿਤੇ ਵੀ ਕਿਸੇ ਮੁਲਕ ਵਿੱਚ ਸਿੱਖ ਵਸੇ ਹੋਏ ਹਨ ਉਹ ਉਥੋਂ ਦੇ ਬਾਸ਼ਿੰਦਿਆਂ ਨੂੰ ਸਿੱਖਾਂ ਦੇ ਲਿਬਾਸ, ਰਹਿਣੀ-ਬਹਿਣੀ ਤੇ ਸਖਸ਼ੀਅਤ ਤੋਂ ਜਾਣੂੰ ਕਰਵਾਉਣ ਤਾਂ ਜੋ ਉਨ੍ਹਾਂ ਦੀ ਸਹੀ ਪਹਿਚਾਣ ਹੋ ਸਕੇ।ਉਨ੍ਹਾਂ ਬਰਤਾਨੀਆਂ ਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਐਸੇ ਵਿਅਕਤੀ ਜੋ ਵਿਦੇਸਾਂ ਵਿੱਚ ਵਸਦੇ ਸਿੱਖਾਂ ਤੇ ਦੂਸਰੇ ਦੇਸ਼ ਦੇ ਵਿਅਕਤੀਆਂ ਨੂੰ ਨਸਲੀ ਟਿੱਪਣੀਆਂ ਕਾਰਣ ਜ਼ਲੀਲ ਕਰਕੇ ਆਪਣੇ ਦੇਸ਼ ਦਾ ਸਿਰ ਝੁਕਾਉਂਦੇ ਹਨ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦੇਵੇ ਤਾਂ ਜੋ ਬਾਰ-ਬਾਰ ਐਸੀਆਂ ਅਨਹੋਣੀਆਂ ਘਟਨਾਵਾਂ ਨਾ ਵਾਪਰਨ।