** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

ਗੁਰਦੁਆਰਾ ਸ੍ਰੀ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਨਵੀਂ ਬਣੀ ਬੀਬੀ ਭਾਨੀ ਜੀ ਸਰਾਂ ਤੇ ਜੋੜੇ ਘਰ ਦਾ ਉਦਘਾਟਨ ਅਤੇ ਲੰਗਰ ਹਾਲ ਦਾ ਟੱਕ ਲਗਾਇਆ ਗਿਆ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਬਣ ਰਹੇ ਭਾਈ ਮਰਦਾਨਾ ਜੀ ਬਲਾਕ ਲਈ ਸ਼੍ਰੋਮਣੀ ਕਮੇਟੀ ਵੱਧ ਚੜ੍ਹ ਕੇ ਸੇਵਾ ‘ਚ ਹਿੱਸਾ ਪਾਏਗੀ : ਜਥੇਦਾਰ ਅਵਤਾਰ ਸਿੰਘ


ਅੰਮ੍ਰਿਤਸਰ : 11 ਅਪ੍ਰੈਲ (        )
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀੜ ਬਾਬਾ ਬੁੱਢਾ ਸਾਹਿਬ, ਠੱਠਾ (ਤਰਨ-ਤਾਰਨ) ਵਿਖੇ ਮਾਤਾ ਮਿਰੋਆ ਜੀ ਯਾਤਰੀ ਨਿਵਾਸ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਬਾਬਾ ਸੁਬੇਗ ਸਿੰਘ ਜੀ ਕਾਰ ਸੇਵਾ ਗੋਇੰਦਵਾਲ ਸਾਹਿਬ ਵਾਲਿਆਂ ਨੂੰ ਇਸ ਯਾਤਰੀ ਨਿਵਾਸ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੌਂਪੀ ਗਈ ਸੀ ਜੋ ਉਨ੍ਹਾਂ ਵੱਲੋਂ ਮੁਕੰਮਲ ਕਰਕੇ ਸ਼੍ਰੋਮਣੀ ਕਮੇਟੀ ਨੂੰ ਮਾਤਾ ਮਿਰੋਆ ਜੀ ਨਿਵਾਸ ਦੀ ਸੁੰਦਰ ਇਮਾਰਤ ਸੌਂਪ ਦਿੱਤੀ ਗਈ ਹੈ। ਉਨ੍ਹਾਂ ਬਾਬਾ ਸੁਬੇਗ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਧੁਨਿਕ ਸਹੂਲਤਾਂ ਵਾਲਾ ਤਿਆਰ ਕੀਤਾ ਗਿਆ ੩੬ ਹਾਲ ਤੇ ੪੭ ਕਮਰਿਆਂ ਵਾਲਾ ੨ ਮੰਜ਼ਿਲਾ ਯਾਤਰੀ ਨਿਵਾਸ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਆਮਦ ਲਈ ਖੋਲ੍ਹ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਗਏ ਸੇਵਾ ਤੇ ਸਿਮਰਨ ਦੇ ਸਿਧਾਂਤਾਂ ਤੇ ਚੱਲਦੀ ਹੋਈ ਬਿਨਾ ਕਿਸੇ ਭੇਦ ਭਾਵ ਦੇ ਆਪਣੇ ਪ੍ਰਬੰਧ ਅਧੀਨ ਆਉਂਦੇ ਹਰ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਫ੍ਰੀ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕਰਦੀ ਹੈ।

ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੇ ਜਾਣ ਵਾਲੇ ਹਰ ਜਥੇ ਦਾ ਪਾਕਿਸਤਾਨ ਓਕਾਫ਼ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਹਰ ਤਰ੍ਹਾਂ ਦਾ ਖਿਆਲ ਰੱਖਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਸਾਡਾ ਵਫ਼ਦ ਪਾਕਿਸਤਾਨ ਹੋ ਕੇ ਆਇਆ ਹੈ, ਜਿਸ ਦੀ ਉਨ੍ਹਾਂ ਵੱਲੋਂ ਚੰਗੀ ਆਓ ਭਾਗਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸੰਗਤਾਂ ਦਾ ਇਹ ਸੰਦੇਸ਼ ਪਾਕਿਸਤਾਨ ਓਕਾਫ਼ ਬੋਰਡ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਾਕਿਸਤਾਨ ਓਕਾਫ਼ ਬੋਰਡ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਬਣਾਏ ਜਾ ਰਹੇ ਭਾਈ ਮਰਦਾਨਾ ਜੀ ਯਾਦਗਾਰੀ ਬਲਾਕ ਲਈ ਸ਼੍ਰੋਮਣੀ ਕਮੇਟੀ ਵੱਧ ਚੜ੍ਹ ਕੇ ਸੇਵਾ ਵਿੱਚ ਆਪਣਾ ਯੋਗਦਾਨ ਪਾਏਗੀ।ਉਨ੍ਹਾਂ ਕਿਹਾ ਕਿ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਿੱਖ ਖਿਡਾਰੀਆਂ ਲਈ ਬਣਾਈ ਗਈ ਕਬੱਡੀ ਅਕੈਡਮੀ ਬਹੁਤ ਜਲਦ ਬੀੜ ਬਾਬਾ ਬੁੱਢਾ ਸਾਹਿਬ, ਠੱਠਾ (ਤਰਨ-ਤਾਰਨ) ਸਾਹਿਬ ਵਿਖੇ ਤਬਦੀਲ ਕੀਤੀ ਜਾਵੇਗੀ।

6693dc5e-d639-4293-9b61-1d8f65ac7b18

ਇਸ ਉਪਰੰਤ ਜਥੇਦਾਰ ਅਵਤਾਰ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਨਵੇਂ ਬਣੇ ਜੋੜਾ ਘਰ ਤੇ ਬੀਬੀ ਭਾਨੀ ਜੀ ਨਿਵਾਸ (ਸਰਾਂ) ਦਾ ਉਦਘਾਟਨ ਵੀ ਕੀਤਾ ਗਿਆ। ਇਸ ਸਰਾਂ ਵਿੱਚ ਸੰਗਤਾਂ ਦੀ ਰਿਹਾਇਸ਼ ਲਈ ੪੩ ਕਮਰੇ ਤੇ ੬ ਹਾਲ ਬਣਾਏ ਗਏ ਹਨ। ਇਸ ਦੇ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਦੂਰ-ਦੁਰਾਡੇ ਤੋਂ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਹਾਲ ਦੀ ਇਮਾਰਤ ਦਾ ਟੱਕ ਬਾਬਾ ਸੁਬੇਗ ਸਿੰਘ ਜੀ ਕਾਰਸੇਵਾ ਗੋਇੰਦਵਾਲ ਸਾਹਿਬ ਵਾਲੇ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਤੇ ਸ੍ਰ: ਮਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਵੱਲੋਂ ਲਗਾਇਆ ਗਿਆ।

ਬਾਬਾ ਸੁਬੇਗ ਸਿੰਘ ਕਾਰਸੇਵਾ ਸ੍ਰੀ ਗੋਇੰਦਵਾਲ ਸਾਹਿਬ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਆਪ ਹੀ ਅੰਗ-ਸੰਗ ਸਹਾਈ ਹੋ ਕੇ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਨਿਮਾਣੇ ਸੇਵਕ ਕੋਲੋਂ ਗੁਰੂ ਘਰਾਂ ਦੀ ਸੇਵਾ ਲੈ ਲੈਂਦੇ ਹਨ।ਉਨ੍ਹਾਂ ਕਿਹਾ ਮੇਰੇ ਧੰਨ ਭਾਗ ਹਨ ਜੋ ਮੈਨੂੰ ਗੁਰੂ ਘਰ ਦੀ ਸੇਵਾ ਮਿਲੀ।

ਇਸ ਮੌਕੇ ਸ੍ਰ: ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਸ੍ਰ: ਹਰਦਿਆਲ ਸਿੰਘ, ਬਾਬਾ ਨਿਰਮਲ ਸਿੰਘ ਨੌਸ਼ਹਿਰਾ, ਸ੍ਰ: ਸੁਖਵਿੰਦਰ ਸਿੰਘ ਝਬਾਲ, ਸ੍ਰ: ਕਸ਼ਮੀਰ ਸਿੰਘ ਗੰਢੀਵਿੰਡ ਅਤੇ ਸ੍ਰ: ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਸਤਿੰਦਰ ਸਿੰਘ ਨਿੱਜੀ ਸਹਾਇਕ ਸ੍ਰ: ਪ੍ਰਮਜੀਤ ਸਿੰਘ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ (ਤਰਨ-ਤਾਰਨ), ਸ੍ਰ: ਜਗੀਰ ਸਿੰਘ ਗੁਰਦੁਆਰਾ ਸ੍ਰੀ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ, ਸ੍ਰ: ਰਣਜੀਤ ਸਿੰਘ ਖਾਲਸਾ, ਸ੍ਰ: ਗੁਰਵਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।