ਅੰਮ੍ਰਿਤਸਰ 22 ਸਤੰਬਰ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਿਜਲੀ ਯੂਨਿਟ ਮੁਆਫ਼ ਕਰਨ ਲਈ ਪੱਤਰ ਲਿਖਿਆ ਹੈ।
ਦਫ਼ਤਰ ਤੋਂ ਜਾਰੀ ਪ੍ਰੈੱਸ ਨੋਟ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰਕਾ ਨੰਬਰ 7588, 10 ਨਵੰਬਰ, 2015 ਤੇ ਪੱਤਰਕਾ ਨੰਬਰ 11525, 22 ਮਾਰਚ 2016 ਨੂੰ ਪੱਤਰ ਲਿਖਿਆ ਗਿਆ ਸੀ ਜਿਸ ਵਿੱਚ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਨੂੰ ਵੇਖਦੇ ਹੋਏ 50% ਬਿਜਲੀ ਯੂਨਿਟ ਮੁਆਫ਼ ਕਰਨ ਲਈ ਕਿਹਾ ਗਿਆ ਸੀ ਤੇ ਹੁਣ ਦੁਬਾਰਾ ਪੱਤਰਕਾ ਨੰਬਰ 6836/8, 22 ਸਤੰਬਰ, 2016 ਨੂੰ ਬੇਨਤੀ ਕੀਤੀ ਗਈ ਹੈ। ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਦੇਸ਼ਾਂ-ਵਿਦੇਸ਼ਾਂ ਤੋਂ ਕਾਫੀ ਤਾਦਾਦ ਵਿੱਚ ਸੰਗਤਾਂ ਦਰਸ਼ਨ-ਇਸ਼ਨਾਨ ਕਰਨ ਵਾਸਤੇ ਪੁੱਜਦੀਆਂ ਹਨ।ਉਨ੍ਹਾਂ ਕਿਹਾ ਕਿ ਦਰਸ਼ਨ-ਕਰਨ ਆਈਆਂ ਸੰਗਤਾਂ ਦਾ ਬਿਨਾਂ ਕਿਸੇ ਭੇਦ ਭਾਵ ਦੇ ਨਿਵਾਸਾਂ ਵਿਖੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ 24 ਘੰਟੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਰੋਜ਼ਾਨਾ ਤਕਰੀਬਨ ਸਵਾ ਲੱਖ ਤੋਂ ਵੀ ਵੱਧ ਸੰਗਤਾਂ ਲਈ ਲੰਗਰ ਤਿਆਰ ਕਰਕੇ ਛਕਾਇਆ ਜਾਂਦਾ ਹੈ ਤੇ ਦਿਨ-ਦਿਹਾੜਿਆਂ ਤੇ ਸੰਗਤਾਂ ਦੀ ਗਿਣਤੀ ਲੱਖਾਂ ਦੀ ਤਾਦਾਦ ਤੋਂ ਵੀ ਵੱਧ ਜਾਂਦੀ ਹੈ, ਜਿਨ੍ਹਾਂ ਦੀ ਸਹੂਲਤ ਲਈ ਸਰਾਵਾਂ ਤੋਂ ਇਲਾਵਾ ਰਿਹਾਇਸ਼ ਅਤੇ ਲੰਗਰ ਲਈ ਸਪੈਸ਼ਲ ਪ੍ਰਬੰਧ ਕੀਤੇ ਜਾਂਦੇ ਹਨ।
ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੇ ਆਪਣੇ ਪੱਤਰ ਵਿੱਚ ਇਹ ਵੀ ਕਿਹਾ ਕਿ ਸਾਂਝੀ ਵਾਲਤਾ ਦੇ ਪ੍ਰਤੀਕ ਤੇ ਸਿਫ਼ਤੀ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਅਤੇ ਰਿਹਾਇਸ਼ਾਂ ਲਈ ਹਰ ਮਹੀਨੇ ਬਿਜਲੀ ਦੀ ਖਪਤ 7 (ਸੱਤ) ਲੱਖ ਯੂਨਿਟ ਹੁੰਦੀ ਹੈ।ਗਰਮੀਆਂ ਵਿੱਚ ਇਹ ਖਪਤ ਹੋਰ ਵੀ ਵੱਧ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਸਮੁੱਚਾ ਕਾਰਜ ਮਨੁੱਖਤਾ ਦੀ ਭਲਾਈ ਹਿੱਤ ਹੀ ਹੁੰਦਾ ਹੈ।ਇਸ ਲਈ ਏਨੀ ਮਹਿੰਗੀ ਬਿਜਲੀ ਤੇ ਵੱਡੀ ਖਪਤ ਦਾ ਭੁਗਤਾਨ ਕਰਨਾ ਸੰਸਥਾ ਲਈ ਮੁਸ਼ਕਲ ਹੈ।ਉਨ੍ਹਾਂ ਕਿਹਾ ਕਿ ਸੰਸਥਾ ਸੰਗਤਾਂ ਵੱਲੋਂ ਤਿਲਫੁਲ ਭੇਟ ਕੀਤੇ ਨਾਲ ਹੀ ਸਾਰਾ ਪ੍ਰਬੰਧ ਚਲਾਉਂਦੀ ਹੈ।ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਸ. ਬਾਦਲ ਨੂੰ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਸੋਂ ਬਿਜਲੀ ਦੀ ਖਪਤ 50% ਯੂਨਿਟ ਮੁਆਫ ਕਰਨ/ਕਰਾਉਣ ਦੀ ਬੇਨਤੀ ਕੀਤੀ ਗਈ ਹੈ।