** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

ਅੰਮ੍ਰਿਤਸਰ : 17 ਮਈ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਾਜ ਦੇ ਉਸਰਈਏ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਸ਼ਹੀਦ ਸਿੰਘਾਂ ਦੀ ੩੦੦ ਸਾਲਾ ਸ਼ਹੀਦੀ ਨੂੰ ਸਮਰਪਿਤ ‘ਲਾਸਾਨੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ’ ਦੇ ਨਾਮ ਦਾ ਕਿਤਾਬਚਾ ਲੋਕ ਅਰਪਣ ਕੀਤਾ।

ਪ੍ਰੈਸ ਦੇ ਨਾਮ ਸੰਦੇਸ਼ ਦੇਂਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜ਼ੁਲਮ ਅਨਿਆਂ ਫ਼ਿਲਾਫ਼ ਜੂਝਦੇ ਹੋਇਆਂ ਸ਼ਹੀਦੀ ਪ੍ਰਾਪਤ ਕਰ ਜਾਣਾ ਖਾਲਸੇ ਦਾ ਮਿਸ਼ਨ ਰਿਹਾ ਹੈ। ਸਮੇਂ ਦੇ ਜ਼ਾਬਰ ਹੁਕਮਰਾਨਾਂ ਵੱਲੋਂ ਗਰੀਬਾਂ, ਨਿਤਾਣਿਆਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦਿਵਾਉਣ ਲਈ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਆਪ ਸਾਰੀ ਉਮਰ ਸੰਘਰਸ਼ਸ਼ੀਲ ਰਹੇ, ਉੱਥੇ ਆਪਣੇ ਅੰਤਿਮ ਸਮੇਂ ਇਸੇ ਮਿਸ਼ਨ ਨੂੰ ਨਿਰੰਤਰ ਰੱਖਣ ਲਈ ਨਾਂਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਸਾਥੀ ਸਿੰਘਾਂ ਸਮੇਤ ਜਿਸ ਤਰ੍ਹਾਂ ਚਾਅ, ਖੇੜੇ, ਹੌਂਸਲੇ ਅਤੇ ਚੜ੍ਹਦੀ ਕਲ੍ਹਾ ਨਾਲ ਸ਼ਹਾਦਤ  ਪ੍ਰਾਪਤ ਕੀਤੀ ਉਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਸ ਲਾਸਾਨੀ ਸ਼ਹਾਦਤ ਨੁੰ ਯਾਦ ਕਰਦਿਆਂ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ ੩੦੦ ਸਾਲਾ ਸ਼ਹੀਦੀ ਸ਼ਤਾਬਦੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਵੱਖ-ਵੱਖ ਪ੍ਰਸਿੱਧ ਵਿਦਵਾਨਾਂ ਵੱਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਤੇ ਚਾਨਣਾ ਪਾਇਆ ਜਾ ਰਿਹਾ ਹੈ, ਜੋ ਇਸ ਕਿਤਾਬਚੇ ਵਿੱਚ ਦਰਜ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਇਸ ਕਿਤਾਬਚੇ ਨੂੰ ਪੜ੍ਹ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਤੋਂ ਸਿੱਖਿਆ ਲੈ ਕੇ ਸਮਾਜ ਵਿੱਚ ਅਨਿਆਂ, ਅੱਤਿਆਚਾਰ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਖੜ੍ਹੇ ਹੋਣ ਲਈ ਵਚਨਬੱਧ ਹੋਣ।

ਇਸ ਮੌਕੇ ਉਨ੍ਹਾਂ ਨਾਲ ਸ੍ਰ: ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਡਾ: ਰੂਪ ਸਿੰਘ ਸਕੱਤਰ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਸ੍ਰ: ਕੇਵਲ ਸਿੰਘ , ਸ੍ਰ: ਬਿਜੈ ਸਿੰਘ ਤੇ ਸ੍ਰ: ਪ੍ਰਤਾਪ ਸਿੰਘ ਵਧੀਕ ਸਕੱਤਰ, ਸ੍ਰ: ਪ੍ਰਮਜੀਤ ਸਿੰਘ ਮੁੰਡਾ ਪਿੰਡ ਨਿਜੀ ਸਹਾਇਕ ਅਤੇ ਸ੍ਰ: ਸੁਲੱਖਣ ਸਿੰਘ ਮੈਨੇਜਰ ਆਦਿ ਹਾਜ਼ਰ ਸਨ।