ਅੰਮ੍ਰਿਤਸਰ 10 ਅਗਸਤ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੁਧਿਆਣਾ ਵਿਖੇ ਰਹਿ ਰਹੇ ਸਿੱਖ ਸਿਕਲੀਗਰਾਂ ਸਬੰਧੀ ਅਖ਼ਬਾਰਾਂ ਵਿੱਚ ਆਏ ਹਾਲਾਤਾਂ ਦੀ ਪੁਣਛਾਣ ਤੇ ਅੰਕੜੇ ਤਿਆਰ ਕਰਨ ਲਈ ਇਕ ਵਿਸ਼ੇਸ਼ ਟੀਮ ਭੇਜੀ ਹੈ ਜੋ ਇਕ ਦੋ ਦਿਨਾਂ ਵਿੱਚ ਆਪਣੀ ਰਿਪੋਰਟ ਦਫ਼ਤਰ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੁਧਿਆਣੇ ਵਿਖੇ ਰਹਿ ਰਹੇ ਸਿੱਖ ਸਿਕਲੀਗਰਾਂ ਦੀ ਸਮੁੱਚੀ ਜਾਣਕਾਰੀ ਲੈਣ ਹਿਤ ਭੇਜੀ ਗਈ ਟੀਮ ਵੱਲੋਂ ਆਪਣੀ ਰਿਪੋਰਟ ਸੌਂਪਣ ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਇਨ੍ਹਾਂ ਨੂੰ ਸਹਾਇਤਾ ਦੇਣ ਸਬੰਧੀ ਫੈਸਲਾ ਕਰਨਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਲ ੨੦੧੨-੧੩ ਵਿੱਚ ਲੁਧਿਆਣਾ, ਸੰਗਰੂਰ ਤੇ ਪਟਿਆਲਾ ਦੇ ਸਿਕਲੀਗਰਾਂ ਨੂੰ ਸਹਾਇਤਾ ਵਜੋਂ ੧੦ ਲੱਖ ਰੁਪਏ, ਸਾਲ ੨੦੧੩-੧੪ ਵਿੱਚ ਮੋਹਾਲੀ, ਨਵਾਂ ਸ਼ਹਿਰ, ਰਾਜਪੁਰਾ, ਦੋਰਾਹਾ, ਪਾਇਲ (ਲੁਧਿਆਣਾ), ਸਮਰਾਲਾ ਤੇ ਖੰਨਾ ਦੇ ਸਿਕਲੀਗਰਾਂ ਨੂੰ ੩੨ ਲੱਖ ੭੦ ਹਜ਼ਾਰ ਰੁਪਏ, ਸਾਲ ੨੦੧੪-੧੫ ਵਿੱਚ ਮੋਹਾਲੀ, ਐਸ ਏ ਐਸ ਨਗਰ, ਡੇਰਾਬੱਸੀ, ਭਗਤ ਨਗਰ ਨਵਾਂ ਸ਼ਹਿਰ, ਰਾਜਪੁਰਾ ਤੇ ਸਮਰਾਲਾ ਨੂੰ ੧੧ ਲੱਖ ਰੁਪਏ, ਸਾਲ ੨੦੧੫-੧੬ ਵਿੱਚ ਅਹਿਮਦਗੜ੍ਹ, ਹੁਸ਼ਿਆਰਪੁਰ, ਵਿਸ਼ਾਖਾਪਟਨਮ, ਕਰਨਾਲ (ਹਰਿਆਣਾ) ਤੇ ਪਟਿਆਲਾ ਨੂੰ ੨੦ ਲੱਖ ੫੦ ਹਜ਼ਾਰ ਰੁਪਏ, ਸਾਲ ੨੦੧੬-੧੭ ਵਿੱਚ ਆਂਧਰਾ ਪ੍ਰਦੇਸ਼, ਹੈਦਰਾਬਾਦ ਤੇ ਮਲੋਟ ਨੂੰ ੩ ਲੱਖ ੨੧ ਹਜ਼ਾਰ ੭੫੦ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ਼ ੭੭ ਲੱਖ ੪੧ ਹਜ਼ਾਰ ੭੫੦ ਰੁਪਏ ਸਹਾਇਤਾ ਸਿਕਲੀਗਰ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾ ਚੁੱਕੀ ਹੈ।ਸ. ਬੇਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਕਲੀਗਰ ਪ੍ਰੀਵਾਰਾਂ ਦੀ ਵੱਧ ਤੋਂ ਵੱਧ ਮਦਦ ਕਰ ਰਹੀ ਹੈ ਤੇ ਅੱਗੋਂ ਵੀ ਜਾਰੀ ਹੈ।ਉਨ੍ਹਾਂ ਕਿਹਾ ਕਿ ਜਿਹੜਾ ਪ੍ਰੀਵਾਰ ਦਰਖਾਸਤ ਦੇ ਨਾਲ ਠੋਸ ਸਬੂਤ ਲਗਾਉਂਦਾ ਹੈ ਉਸ ਦੀ ਦਰਖਾਸਤ ‘ਤੇ ਵਿਚਾਰ ਕਰਕੇ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਿਕਲੀਗਰ ਢੰਡਾਰੀ ਕਲਾ ਲੁਧਿਆਣਾ ਵਿਖੇ ਕਾਰਪੋਰੇਸ਼ਨ ਵੱਲੋਂ ਗੁਰਦੁਆਰਾ ਸਾਹਿਬ ਅਤੇ ਸਿੱਖ ਸਿਕਲੀਗਰਾਂ ਦੇ ਮਕਾਨਾਂ ਨੂੰ ਢਾਹੇ ਜਾਣ ਦੀ ਕੀਤੀ ਕੋਸ਼ਿਸ਼ ਤੇ ਪਹੁੰਚਾਏ ਨੁਕਸਾਨ ਸਬੰਧੀ ਵੀ ਵੇਰਵਾ ਇਕੱਤਰ ਕਰਨ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਨੁਮਾਇੰਦਿਆਂ ਨੂੰ ਭੇਜਿਆ ਗਿਆ ਹੈ ਜਿਸ ਦੀ ਰਿਪੋਰਟ ਮਿਲਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।