ਸਲੋਕ ਮਃ ੫ ॥ ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ ਵੀਰਵਾਰ, ੧੪ ਚੇਤ (ਸੰਮਤ ੫੫੭ ਨਾਨਕਸ਼ਾਹੀ) ੨੭ ਮਾਰਚ, ੨੦੨੫ (ਅੰਗ : ੯੬੩)

ਅੰਮ੍ਰਿਤਸਰ 10 ਮਈ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੱਲੋਂ ਸਿੱਖ ਗੁਰਦੁਆਰਾ ਸੋਧ ਬਿੱਲ ਪਾਸ ਕਰਨ ਦੀ ਮਨਜੂਰੀ ਦੇਣ ਦਾ ਸਵਾਗਤ ਕੀਤਾ ਹੈ।
ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ‘ਚ ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਸ੍ਰ: ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਦੇ ਉੱਦਮ ਸਦਕਾ ਕੇਂਦਰ ਸਰਕਾਰ ਵੱਲੋਂ ਇਹ ਬਹੁਤ ਹੀ ਵਧੀਆ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਲਗਾਤਾਰ ਸੰਪਰਕ ਕਰਕੇ ਪਹਿਲਾਂ ਕੇਂਦਰੀ ਮੰਤਰੀ ਮੰਡਲ ਦੀ ਇਕੱਤਰਤਾ, ਫੇਰ ਰਾਜ ਸਭਾ ਤੇ ਲੋਕ ਸਭਾ ਵਿੱਚੋਂ ਇਹ ਬਿੱਲ ਪਾਸ ਕਰਵਾਇਆ ਤੇ ਹੁਣ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੱਲੋਂ ਇਸ ਦੇ ਆਖਰੀ ਪੜਾਅ ਨੂੰ ਪੂਰਾ ਕਰਦਿਆਂ ਮਨਜੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਪਾਸ ਹੋਣ ਨਾਲ ਕੇਸ ਤੇ ਦਾੜ੍ਹੀ ਕੱਟਣ ਵਾਲੇ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਲੋਕ ਗੁਰਦੁਆਰਾ (ਸੋਧ) ਐਕਟ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੌਣਾਂ ਵਿੱਚ ਵੋਟ ਨਹੀਂ ਪਾ ਸਕਣਗੇ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੋ ਲੋਕ ਸਿੱਖ ਹੁੰਦੇ ਹੋਏ ਆਪਣੇ ਕੇਸ ਤੇ ਦਾੜ੍ਹੀ ਕਤਲ ਕਰਦੇ ਹਨ ਉਹ ਗੁਰਦੁਆਰਾ ਚੋਣ ਦੀ ਵੋਟ ਦੇ ਅਧਿਕਾਰੀ ਨਹੀਂ ਹਨ।ਇਨ੍ਹਾਂ ਅਲਾਮਤਾਂ ਦਾ ਤਿਆਗ ਕਰਨ ਤੇ ਫਿਰ ਤੋਂ ਸਾਬਤ ਸੂਰਤ ਬਣ ਕੇ ਸ਼੍ਰੋਮਣੀ ਕਮੇਟੀ ਚੌਣਾਂ ‘ਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਕਲਗੀਧਰ ਦਸਮੇਸ਼ ਪਿਤਾ ਵੱਲੋਂ ਬਖਸ਼ਿਆ ਸਾਬਤ ਸੂਰਤ ਸਿੱਖੀ ਸਰੂਪ ਕਾਇਮ ਰੱਖਣ। ਜਥੇਦਾਰ ਅਵਤਾਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਮੰਡਲ, ਰਾਜ ਸਭਾ ਤੇ ਲੋਕ ਸਭਾ ਦੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕੀਤਾ।