ਅੰਮ੍ਰਿਤਸਰ 22 ਅਗਸਤ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਵਾਨੀਗੜ੍ਹ ਨੇੜੇ ਪਿੰਡ ਬਖਤੜੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਅਤੇ ਦੋ ਗੁਟਕਾ ਸਾਹਿਬ ਸ਼ਾਰਟ ਸਰਕਟ ਹੋਣ ਕਾਰਨ ਅਗਨ ਭੇਟ ਹੋ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਕਦੇ ਦਿਨ ਦਿਹਾੜੇ ਤੇ ਕਦੇ ਰਾਤ ਸਮੇਂ ਸ਼ਾਰਟ ਸਰਕਟ ਓਥੋਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਢਿੱਲੇ ਪ੍ਰਬੰਧ ਤੇ ਗ੍ਰੰਥੀ ਸਿੰਘ ਅਤੇ ਸੇਵਾਦਾਰ ਦੀ ਅਣਗਹਿਲੀ ਕਾਰਣ ਹੁੰਦੇ ਹਨ।ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਖ਼ਬਰਾਂ ਤੇ ਇਸ਼ਤਿਹਾਰਾਂ ਰਾਹੀਂ ਅਪੀਲ ਕੀਤੀ ਜਾ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੁਖਆਸਨ ਸਾਹਿਬ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਪੱਖੇ ਤੇ ਬਿਜਲੀ ਦੇ ਹੋਰ ਉਪਕਰਨ ਬੰਦ ਕਰਕੇ ਜਾਇਆ ਕਰਨ ਅਤੇ ਦਿਨ ਵੇਲੇ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ ਗੁਰਦੁਆਰਾ ਸਾਹਿਬ ਇਕੱਲਾ ਨਾ ਛੱਡਿਆ ਜਾਵੇ, ਪਰ ਫਿਰ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ।
ਨਤੀਜੇ ਵਜੋਂ ਹੁਣ ਪਿੰਡ ਬਖਤੜੀ ਦੇ ਗੁਰਦੁਆਰਾ ਸਾਹਿਬ ਵਿੱਚ ਸਰਕਟ ਸ਼ਾਰਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਤੇ ਦੋ ਗੁਟਕਾ ਸਾਹਿਬ ਅਗਨ ਭੇਟ ਹੋ ਗਏ ਹਨ।ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀਆਂ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਕਰਨ ਤੋਂ ਸੰਕੋਚ ਕਰਨ ਤੇ ਗੁਰਦੁਆਰਾ ਸਾਹਿਬਾਨ ਵਿੱਚ ਚੰਗੀ ਕੁਵਾਲਿਟੀ ਦੀ ਵਾਇਰਿੰਗ ਦੇ ਨਾਲ-ਨਾਲ ਬਿਜਲੀ ਦੇ ਵਧੀਆ ਉਪਕਰਨਾਂ ਦੀ ਵਰਤੋਂ ਕਰਨ।ਉਨ੍ਹਾਂ ਕਿਹਾ ਕਿ ਹਰ ਗੁਰਦੁਆਰਾ ਸਾਹਿਬ ਵਿੱਚ ਦਿਨ ਅਤੇ ਰਾਤ ਸਮੇਂ ਗ੍ਰੰਥੀ ਸਿੰਘ ਜਾਂ ਸੇਵਾਦਾਰ ਜ਼ਰੂਰ ਮੌਜੂਦ ਰਹਿਣ ਤਾਂ ਜੋ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।