ਅੰਮ੍ਰਿਤਸਰ ੨੩ ਅਗਸਤ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਅੱਜ ਦੀ ਆਵਾਜ਼’ ਦੇ ਸੰਪਾਦਕ ਅਤੇ ਉੱਘੇ ਸਿੱਖ ਚਿੰਤਕ ਸ. ਭਰਪੂਰ ਸਿੰਘ ਬਲਬੀਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।
ਇਥੋਂ ਜਾਰੀ ਪ੍ਰੈਸ ਨੋਟ ‘ਚ ਉਨ੍ਹਾਂ ਕਿਹਾ ਕਿ ਸ. ਭਰਪੂਰ ਸਿੰਘ ਬਲਬੀਰ ਨੇ ੧੯੭੬ ਤੋਂ ੧੯੭੭ ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਦਿੰਦਿਆਂ ‘ਗੁਰਮਤਿ ਪ੍ਰਕਾਸ਼’ ਪੱਤਰ ਦਾ ਸੰਪਾਦਨ ਕਾਰਜ ਸੰਭਾਲਿਆ ਸੀ।ਉਨ੍ਹਾਂ ਕਿਹਾ ਕਿ ਸ. ਭਰਪੂਰ ਸਿੰਘ ਬਲਬੀਰ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂ ਦੀ ਕਲਮ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸੰਘਰਸ਼ਸੀਲ ਹੋ ਕੇ ਲਿਖਦੀ ਰਹੀ।ਉਨ੍ਹਾਂ ਨੇ ਕੌਮੀ ਦਰਦ, ਅਕਾਲੀ ਟਾਈਮਜ਼, ਅਕਾਲੀ ਪੱਤ੍ਰਿਕਾ, ਅੱਜ ਦੀ ਆਵਾਜ਼ ਤੇ ਪੰਥਕ ਅਖ਼ਬਾਰਾਂ ਦੇ ਸੰਪਾਦਕ ਵਜੋਂ ਬਾਖੂਬੀ ਤੇ ਯਾਦਗਾਰੀ ਸੰਪਾਦਕੀ ਲੇਖਾਂ ਰਾਹੀਂ ਹਿੱਸਾ ਪਾਇਆ।
ਉਨ੍ਹਾਂ ਕਿਹਾ ਕਿ ਸ. ਭਰਪੂਰ ਸਿੰਘ ਬਲਬੀਰ ਦੇ ਅਕਾਲ ਚਲਾਣਾ ਕਰ ਜਾਣ ਨਾਲ ਪੱਤਰਕਾਰਤਾ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ, ਪਰ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਉਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।ਉਨ੍ਹਾਂ ਕਿਹਾ ਕਿ ਅਰਦਾਸ ਹੈ ਅਕਾਲ ਪੁਰਖ ਸ. ਭਰਪੂਰ ਸਿੰਘ ਬਲਬੀਰ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ ਅਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਵੀ ਸ. ਭਰਪੂਰ ਸਿੰਘ ਬਲਬੀਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।