ਘਟਨਾਕ੍ਰਮ ਦੀ ਜਾਂਚ ਲਈ ਬਣਾਈ ਪੰਜ ਮੈਂਬਰੀ ਸਬ-ਕਮੇਟੀ
ਅੰਮ੍ਰਿਤਸਰ : 21 ਅਗਸਤ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਕਾਲਜ ਪਟਿਆਲਾ ਦੀ ਕੌਮੀ ਪੱਧਰ ਦੀ ਹੈਂਡਬਾਲ ਦੀ ਖਿਡਾਰਣ ਵਿਦਿਆਰਥਣ ਪੂਜਾ ਦੇ ਆਤਮ ਹੱਤਿਆ ਕਰਨ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਜਾ ਦੇ ਫਾਹਾ ਲੈ ਲੈਣ ਤੇ ਕਾਲਜ ਦੀ ਕਾਰਗੁਜਾਰੀ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ ਜੋ ਬੇਹੱਦ ਹੀ ਅਫ਼ਸੋਸਨਾਕ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਇਸ ਸਾਰੀ ਘਟਨਾ ਸਬੰਧੀ ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਸ੍ਰ: ਕੁਲਦੀਪ ਸਿੰਘ ਬੱਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬੁਢਲਾਡਾ, ਪ੍ਰਿੰਸੀਪਲ ਜਤਿੰਦਰ ਕੌਰ ਗੁਰੂ ਨਾਨਕ ਕਾਲਜ ਮੋਗਾ ਤੇ ਅਧਾਰਿਤ ਸਬ-ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੇ ਕੋ-ਆਰਡੀਨੇਟਰ ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਬ-ਕਮੇਟੀ ਚਾਰ ਦਿਨਾਂ ਵਿੱਚ ਇਸ ਹੋਈ ਦਰਦਨਾਕ ਘਟਨਾ ਦੀ ਪੜਤਾਲ ਕਰੇਗੀ ਅਤੇ ਇਸ ਦੀ ਰੀਪੋਰਟ ਜਥੇਦਾਰ ਅਵਤਾਰ ਸਿੰਘ ਨੂੰ ਸੌਂਪੇਗੀ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।