ਅੰਮ੍ਰਿਤਸਰ 1 ਸਤੰਬਰ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੈਨਕੂਵਰ ‘ਚ ਅਮਰੀਕਨ ਮਾਸਟਰਜ਼ ਖੇਡਾਂ ਦੌਰਾਨ ੧੦੦ ਸਾਲ ਦੀ ਪੰਜਾਬਣ ਬੇਬੇ ਮਾਨ ਕੌਰ ਵੱਲੋਂ ੧੦੦ ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਣ ‘ਤੇ ਵਧਾਈ ਦਿੱਤੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ੧੦੦ ਮੀਟਰ ਦੀ ਦੌੜ ਨੂੰ ਡੇਢ ਮਿੰਟ ਵਿੱਚ ਪੂਰਾ ਕਰਕੇ ਬੇਬੇ ਮਾਨ ਕੌਰ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਖੇਡਾਂ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਜਿਸ ਦੀ ਜਿਊਂਦੀ ਜਾਗਦੀ ਮਿਸਾਲ ਬੇਬੇ ਮਾਨ ਕੌਰ ਵੱਲੋਂ ੧੦੦ ਮੀਟਰ ਦੌੜ ਵਿੱਚ ਹਿੱਸਾ ਲੈਣ ਤੋਂ ਮਿਲਦੀ ਹੈ।ਉਨ੍ਹਾਂ ਕਿਹਾ ਕਿ ਖੇਡਾਂ ਦੀ ਦੁਨੀਆਂ ‘ਚ ਕਦਮ ਰੱਖਣ ਵਾਲੀਆਂ ਨੌਜਵਾਨ ਖਿਡਾਰਣਾਂ ਨੂੰ ਬੇਬੇ ਮਾਨ ਕੌਰ ਦੇ ਜ਼ਜਬੇ ਅਤੇ ਹਿੰਮਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਜਿਨ੍ਹਾਂ ਵਡੇਰੀ ਉਮਰ ਵਿੱਚ ਬੁਲੰਦ ਹੌਂਸਲੇ ਸਦਕਾ ਇਹ ਸਨਮਾਨ ਹਾਸਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬੇਬੇ ਮਾਨ ਕੌਰ ਵੱਲੋਂ ‘ਸ਼ਾਟ ਪੁੱਟ’ ਅਤੇ ‘ਜੈਵਲਿਨ ਥਰੋਅ’ ਵਿੱਚ ਸੋਨ ਤਗਮਿਆਂ ‘ਤੇ ਕਬਜ਼ਾ ਕੀਤਾ ਜਾ ਚੁੱਕਾ ਹੈ ਜਿਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਹ ਘੱਟ ਹੈ।