ਅੰਮ੍ਰਿਤਸਰ 17 ਅਪ੍ਰੈਲ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਨਾਨਕਸਰ ਸਤਸੰਗ ਦਰਬਾਰ ਐਸਨ (ਜਰਮਨੀ) ਵਿਚ ਹੋਏ ਬੰਬ ਧਮਾਕੇ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਕਿ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਹਾਦਸੇ ਵਿਚ ਗ੍ਰੰਥੀ ਸਿੰਘ ਤੇ ਸੰਗਤਾਂ ਜ਼ਖਮੀ ਹੋਈਆਂ ਹਨ ਜਿਸ ਕਰਕੇ ਸਾਰੀ ਸਿੱਖ ਕੌਮ ਦੇ ਹਿਰਦੇ ਦੁਖੀ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਗੁਰਦੁਆਰੇ ਪੂਰੇ ਵਿਸ਼ਵ ਵਿਚ ਲੋਕਾਂ ਦੀ ਸੇਵਾ ਕਰਨ ਲਈ ਮਸ਼ਹੂਰ ਹਨ। ਪੂਰੇ ਵਿਸ਼ਵ ਵਿਚ ਜਿਥੇ ਕਿਤੇ ਵੀ ਗੁਰਦੁਆਰਾ ਸਾਹਿਬ ਹਨ ਉਥੇ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ ਜਾਂਦੇ ਹਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਜਿਸ ਵੀ ਦੇਸ਼ ਵਿਚ ਸਿੱਖ ਰੋਜ਼ੀ ਰੋਟੀ ਲਈ ਗਏ ਉਥੇ ਉਨ੍ਹਾਂ ਨੇ ਆਪਣੀ ਇਮਾਨਦਾਰੀ, ਉਤਸ਼ਾਹ, ਮਿਹਨਤ, ਲਗਨ, ਤਨ, ਮਨ ਤੇ ਧਨ ਨਾਲ ਉਸ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਸਿੱਖਾਂ ਦੇ ਇਨ੍ਹਾਂ ਗੁਣਾਂ ਕਰਕੇ ਹੀ ਅੱਜ ਸੰਸਾਰ ਭਰ ਦੇ ਦੇਸ਼ ਸਿੱਖਾਂ ਨੂੰ ਬਹੁਤ ਮਾਣ ਸਨਮਾਨ ਦੇ ਰਹੇ ਹਨ। ਉਨ੍ਹਾਂ ਜਰਮਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਘੋਖ ਪੜਤਾਲ ਕਰਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇ ਅਤੇ ਉਥੋਂ ਦੇ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।