ਅੰਮ੍ਰਿਤਸਰ 8 ਜਨਵਰੀ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ. ਹਰਦੇਵ ਸਿੰਘ ਪ੍ਰਿੰਸੀਪਲ ਦੀਆਂ ਲਿਖੀਆਂ ਤੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪ੍ਰਕਾਸ਼ਿਤ ਪੁਸਤਕਾਂ ‘ਗੁਰਮਤਿ ਗਿਆਨ ਚੌਥਾ ਦਰਜਾ ਭਾਗ ਪਹਿਲਾ ਤੇ ਦੂਜਾ’ ਲੋਕ ਅਰਪਣ ਕੀਤੀਆਂ।
ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇਸ਼-ਵਿਦੇਸ਼ ‘ਚ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਸਦਾ ਹੀ ਕਾਰਜਸ਼ੀਲ ਹੈ।ਅਜੋਕੇ ਅਗਾਂਹਵਧੂ ਮੀਡੀਏ ਦੇ ਯੁੱਗ ਵਿੱਚ ਸੰਸਥਾ ਵੱਲੋਂ ਨੌਜਵਾਨ ਪੀੜ੍ਹੀ ਨੂੰ ਅਨੇਕਾਂ ਹੀ ਸਾਧਨਾਂ ਰਾਹੀਂ ਸਿੱਖ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ।ਇਹ ਜਿੱਥੇ ਗੁਰਮਤਿ ਸਮਾਗਮਾਂ, ਕੈਂਪਾਂ, ਸੈਮੀਨਾਰਾਂ, ਧਾਰਮਿਕ ਫਿਲਮਾਂ, ਨਾਟਕਾਂ ਰਾਹੀਂ ਸੰਗਤਾਂ ਨੂੰ ਬਹੁਪੱਖੀ ਜਾਣਕਾਰੀ ਪ੍ਰਦਾਨ ਕਰਦੀ ਹੈ, ਓਥੇ ਆਪਣੇ ਧਾਰਮਿਕ ਪ੍ਰੀਖਿਆ ਵਿਭਾਗ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੇ ਗੌਰਵਮਈ ਇਤਿਹਾਸ ਤੇ ਮਰਯਾਦਾ ਸਬੰਧੀ ਗਿਆਨ ਦ੍ਰਿੜ੍ਹ ਕਰਵਾਉਣ ਦਾ ਕਾਰਜ ਵੀ ਕਰਦੀ ਹੈ।ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਹਰ ਸਾਲ ਧਾਰਮਿਕ ਪ੍ਰੀਖਿਆ ਕਰਵਾ ਕੇ ਇਸ ਵਿਚ ਸਫਲ ਹੋਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਵਜ਼ੀਫੇ ਪ੍ਰਦਾਨ ਕਰਦੀ ਹੈ।
ਉਨ੍ਹਾਂ ਕਿਹਾ ਕਿ ਹੱਥਲੀਆਂ ਦੋਵੇਂ ਪੁਸਤਕਾਂ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਰਾਮਸਰ ਰੋਡ ਦੇ ਸਾਬਕਾ ਪ੍ਰਿੰਸੀਪਲ ਡਾ. ਹਰਦੇਵ ਸਿੰਘ ਨੇ ਬਹੁਤ ਹੀ ਲਗਨ ਤੇ ਮਿਹਨਤ ਨਾਲ ਤਿਆਰ ਕੀਤੀਆਂ ਹਨ, ਇਨ੍ਹਾਂ ਨੂੰ ਦੋ ਭਾਗਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।ਪਹਿਲੇ ਭਾਗ ਵਿਚ ਗੁਰ-ਇਤਿਹਾਸ ਤੇ ਗੁਰਬਾਣੀ ਅਤੇ ਦੂਜੇ ਭਾਗ ਵਿੱਚ ਸਿੱਖ ਇਤਿਹਾਸ ਤੇ ਰਹਿਤ ਮਰਯਾਦਾ ਸਬੰਧੀ ਭਾਵ ਪੂਰਤ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਪਾਠਕਾਂ ਤੇ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ।ਉਨ੍ਹਾਂ ਕਿਹਾ ਕਿ ਮੈਂ ਲੇਖਕ ਨੁੰ ਹਾਰਦਿਕ ਵਧਾਈ ਦੇਂਦਿਆਂ ਹੋਇਆਂ ਇਹ ਪੁਸਤਕ ਵਿਦਿਆਰਥੀਆਂ ਨੂੰ ਭੇਟ ਕਰਨ ਦੀ ਅਪਾਰ ਖੁਸ਼ੀ ਮਹਿਸੂਸ ਕਰ ਰਿਹਾ ਹਾਂ।
ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ ਮੈਂਬਰ ਅੰਤ੍ਰਿੰਗ ਕਮੇਟੀ, ਸ. ਮਨਜੀਤ ਸਿੰਘ ਸਕੱਤਰ, ਸ. ਮਹਿੰਦਰ ਸਿੰਘ ਆਹਲੀ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸਿਮਰਜੀਤ ਸਿੰਘ ਮੀਤ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਭੂਪਿੰਦਰ ਸਿੰਘ ਇੰਚਾਰਜ, ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਪਬਲੀਸਿਟੀ, ਸ. ਗੁਰਿੰਦਰ ਸਿੰਘ ਨਿਜੀ ਸਹਾਇਕ, ਸ. ਕਾਰਜ ਸਿੰਘ ਤੇ ਸ. ਗੁਰਪ੍ਰੀਤ ਸਿੰਘ ਸੁਪਰਵਾਈਜ਼ਰ ਆਦਿ ਮੌਜੂਦ ਸਨ।