ਅੰਮ੍ਰਿਤਸਰ : 12 ਜੁਲਾਈ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਦੀ ਗਠਿਤ ਸਬ-ਕਮੇਟੀ ਦੀ ਇਕੱਤਰਤਾ ਬਹਾਦਰਗੜ੍ਹ ਸਥਿਤ ਇੰਸਟੀਚਿਊਟ ਵਿਖੇ ਇੰਸਟੀਚਿਊਟ ਦੇ ਮੁਖੀ ਡਾ. ਬਲਕਾਰ ਸਿੰਘ ਦੀ ਅਗਵਾਈ ਵਿਚ ਹੋਈ। ਜਿਸ ਵਿੱਚ ਹੇਠ ਲਿਖੇ ਸਬ-ਕਮੇਟੀ ਮੈਂਬਰ ਸਾਹਿਬਾਨ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਸਾਬਕਾ ਪ੍ਰੋਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਡਾ: ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ੍ਰ: ਧਰਮਿੰਦਰ ਸਿੰਘ ਉਭਾ ਡਾਇਰੈਕਟਰ ਵਿਦਿਆ ਤੇ ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਕੋ-ਆਰਡੀਨੇਟਰ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਹਾਜ਼ਰ ਹੋਏ।
ਸ਼੍ਰੋਮਣੀ ਕਮੇਟੀ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਵਿਸ਼ੇਸ਼ ਇਕੱਤਰਤਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਦੇ ਬਹੁਪੱਖੀ ਵਿਕਾਸ ਲਈ ਆਧੁਨਿਕ ਤਕਨੀਕ ਦੇਣ ਲਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਕੱਤਰਤਾ ਵਿੱਚ ਡਾ: ਪ੍ਰਿਥੀਪਾਲ ਸਿੰਘ ਕਪੂਰ ਵੱਲੋਂ ਸਿੱਖ ਅਕਾਦਮਿਸ਼ਨਾਂ ਦੀ ਪੱਕੀ ਸਲਾਹਕਾਰ ਕਮੇਟੀ ਬਣਾ ਕੇ ਇਸ ਇੰਸਟੀਚਿਊਟ ਨੂੰ ਪੱਕੇ ਪੈਰੀਂ ਖੜ੍ਹਾ ਕਰਨ ਬਾਰੇ ਦਿੱਤੇ ਸੁਝਾਵਾਂ ਅਤੇ ਡਾ: ਗੁਰਮੋਹਨ ਸਿੰਘ ਵਾਲੀਆ ਵੱਲੋਂ ਮਾਣਯੋਗ ਪ੍ਰਧਾਨ ਸਾਹਿਬ ਨੂੰ ਦਿੱਤੇ ਸੁਝਾਵਾਂ ਬਾਰੇ ਭੇਜੇ ਪੱਤਰ ਤੇ ਵਿਚਾਰ ਕਰਨ ਲਈ ਸੁਝਾਅ ਰੱਖੇ ਗਏ। ਉਨ੍ਹਾਂ ਦੱਸਿਆ ਕਿ ਇਕੱਤਰਤਾ ਵਿੱਚ ਹਾਜ਼ਰ ਮੈਂਬਰ ਸਾਹਿਬਾਨ ਨੇ ਦਿਉਬੰਦ ਅਤੇ ਐਡਵਾਂਸਡ ਇੰਸਟੀਚਿਊਟ ਸ਼ਿਮਲਾ ਵਰਗੀਆ ਸੰਸਥਾਵਾਂ ਦੀ ਤਰਜ ਤੇ ਸਮਸਥਾ ਨੂੰ ਚਲਾਉਣ ਲਈ ਵਿਚਾਰ-ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਨੂੰ ਸਿੱਖਾਂ ਦੀ ਅਜਾਦ ਸੰਸਥਾ ਵਜੋਂ ਚਲਾ ਕੇ ਸਿੱਖ ਭਾਵਨਾ ਵਿੱਚ ਉਸਾਰਨ ਲਈ ਵਿਸ਼ਵ ਪੱਧਰ ‘ਤੇ ਪ੍ਰਚਾਰ ਕਰਨ ਲਈ ਪ੍ਰਚਾਰਕ ਤਿਆਰ ਕਰਨ ਲਈ ਟ੍ਰੇਨਿੰਗ ਸੈਂਟਰ ਬਣਾ ਕੇ ਸਮੁੱਚੇ ਰਾਗੀ, ਢਾਡੀ, ਕਵੀਸ਼ਰ ਅਤੇ ਪ੍ਰਚਾਰਕਾਂ ਨੁੰ ਸਰਟੀਫਿਕੇਟ ਜਾਰੀ ਕਰਨ ਬਾਰੇ ਵੀ ਵਿਚਾਰ-ਚਰਚਾ ਹੋਈ।
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਮਿਸ਼ਨਰੀ ਕਾਲਜ, ਗੁਰਮਤਿ ਸੰਗੀਤ ਵਿਦਿਆਲੇ, ਧਾਰਮਿਕ ਪ੍ਰੀਖਿਆ, ਪੱਤਰ ਵਿਹਾਰ ਕੋਰਸ, ਸਿੱਖ ਇਤਿਹਾਸ ਰੀਸਰਚ ਬੋਰਡ, ਸੰਗੀਤ ਅਕੈਡਮੀਆਂ ਅਤੇ ਇੰਸਟੀਚਿਊਟ ਆਦਿ ਦੇ ਪ੍ਰਬੰਧ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਨਾਲ ਜੋੜਨ ਬਾਰੇ ਵੀ ਸਲਾਹ ਮਸ਼ਵਰਾ ਕੀਤਾ ਗਿਆ। ਇਕੱਤਰਤਾ ਵਿੱਚ ਇਹ ਵਿਚਾਰ ਵੀ ਉਭਰ ਕੇ ਸਾਹਮਣੇ ਆਇਆ ਕਿ ਇਸ ਸੰਸਥਾ ਨੂੰ ਕਿਸੇ ਯੂਨਵਿਰਸਿਟੀ ਨਾਲ ਜੋੜਨ ਦੀ ਬਜਾਏ ਸਿੱਖਾਂ ਦੀ ਅਜ਼ਾਦ ਸੰਸਥਾ ਵੱਲੋਂ ਵਿਕਸਿਤ ਕੀਤਾ ਜਾਵੇ। ਉਨ੍ਹਾਂ ਵਧੇਰੇ ਜਾਣਕਾਰੀ ਦੇਂਦਿਆਂ ਇਕੱਤਰਤਾ ਵਿੱਚ ਹੋਈ ਚਰਚਾ ਬਾਰੇ ਦੱਸਿਆ ਕਿ ਇਸ ਸੰਸਥਾ ਨੂੰ ਪ੍ਰਚਾਰਕ, ਰਾਗੀ ਸਿੰਘਾਂ, ਕਵੀ, ਢਾਡੀ ਤੇ ਕਵੀਸ਼ਰੀ ਜਥਿਆਂ ਦਾ ਟ੍ਰੇਨਿੰਗ ਸੈਂੇਟਰ ਬਣਾਉਂਦਿਆਂ ਸਿੱਖ ਸੰਵਾਦ ਕੇਂਦਰ ਵਜੋਂ ਵਿਕਸਿਤ ਕਰਨਾ ਚਾਹੀਦਾ ਹੈ। ਇਕੱਤਰਤਾ ਵਿੱਚ ਇਹ ਸੁਝਾਅ ਵੀ ਰੱਖਿਆ ਗਿਆ ਕਿ ਸਮੇਂ-ਸਮੇਂ ਧਾਰਮਿਕ ਵਿਦਿਅਕ ਸੰਸਥਾਵਾਂ ਵਿੱਚ ਕੰਮ ਕਰ ਰਹੇ ਸਮੁੱਚੇ ਅਕਾਦਮਿਕ ਅਤੇ ਸਟਾਫ ਦੇ ਰੀਫਰੈਸ਼ਰ ਕੋਰਸ ਅਤੇ ਗੁਰਮਤਿ ਸਿਖਲਾਈ ਕੈਂਪ ਲਗਾਉਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਫੈਂਸਲਿਆਂ ਨੂੰ ਅੰਤਿਮ ਛੋਹਾਂ ਦੇਣ ਲਈ ਅਗਲੀ ਇਕੱਤਰਤਾ 19 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਰੱਖ ਕੇ ਵਧੇਰੇ ਵਿਚਾਰ ਉਪਰੰਤ ਰੀਪੋਰਟ ਤਿਆਰ ਕਰਕੇ ਇਸਨੂੰ ਅਮਲੀ ਰੂਪ ਦੇਣ ਲਈ ਮਾਣਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੇ ਪੇਸ਼ ਕੀਤੀ ਜਾਵੇਗੀ।
ਇਸ ਮੌਕੇ ਸ. ਜਗਜੀਤ ਸਿੰਘ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ, ਸ. ਜਸਬੀਰ ਸਿੰਘ ਮੈਨੇਜਰ ਗੁ:ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ, ਸ. ਗੁਰਲਾਲ ਸਿੰਘ ਮੈਨੇਜਰ ਗੁ:ਸਾਹਿਬ ਬਹਾਦਰਗੜ੍ਹ ਆਦਿ ਹਾਜ਼ਰ ਸਨ।