ਅੰਮ੍ਰਿਤਸਰ : 21 ਅਗਸਤ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਸੁਖਮਨੀ ਸਾਹਿਬ ਅਤੇ ਨਿੱਤਨੇਮ ਦੀ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਗੁਰਦੁਆਰਾ ਨਾਨਕਸਰ ਵੇਰਕਾ ਨਜ਼ਦੀਕ ਪੈਂਦੇ ਬਾਬੇ ਮੂਲੇ ਦੀ ਜਗ੍ਹ ਲਾਗੇ ਛੱਪੜ ਵਿਚੋਂ ਪਾਏ ਜਾਣ ‘ਤੇ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਗੁਟਕਾ ਸਾਹਿਬ ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਕਿਸੇ ਪ੍ਰੇਮੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਏ ਗਏ ਜਿਸ ‘ਤੇ ਕਾਰਵਾਈ ਕਰਦਿਆਂ ਮੌਕੇ ‘ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ੍ਰ: ਬਲਜੀਤ ਸਿੰਘ ਵੱਲੋਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਇਤਲਾਹ ਕਰਕੇ ਨੇੜੇ ਦੀ ਵੇਰਕਾ ਪੁਲੀਸ ਚੌਂਕੀ ਵਿਖੇ ਰੀਪੋਰਟ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲੀਸ ਵੱਲੋਂ ਕਿਸੇ ਅਣਪਛਾਤੇ ਵਿਅਕਤੀ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਹਰਜਾਪ ਸਿੰਘ ਨੇ ਵੀ ਓਥੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜਿਸ ਕਿਸੇ ਵੀ ਵਿਅਕਤੀ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਪੁਲੀਸ ਪ੍ਰਸ਼ਾਸਨ ਵੱਲੋਂ ਉਸ ਦੀ ਭਾਲ ਕਰਕੇ ਕਾਨੂੰਨ ਅਨੁੰਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਐਸੇ ਵਿਅਕਤੀ ਦੇਸ਼ ਵਿਚ ਅਸ਼ਾਂਤੀ ਫੈਲਾਉਣ ਲਈ ਮੰਦਭਾਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।