ਅੰਮ੍ਰਿਤਸਰ : 14 ਮਈ ( ) ਸੁਪਰੀਮ ਕੋਰਟ ਆਫ਼ ਇੰਡੀਆ ਦੇ ਜੱਜ ਜਸਟਿਸ ਵੀ ਗੋਪਾਲਾ ਗੌੜਾ ਸੱਚਖੰਡ ਸ੍ਰੀ ਹਰਿਮਮਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਦੇ ਨਾਲ ਸੈਸ਼ਨ ਜੱਜ ਸ੍ਰ: ਗੁਰਬੀਰ ਸਿੰਘ ਅਤੇ ਐਡੀ: ਸੈਸ਼ਨ ਜੱਜ ਸ੍ਰੀ ਜੁਗਤੀ ਗੋਇਲ ਨੇ ਵੀ ਮੱਥਾ ਟੇਕਿਆ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਕਿਤ ਹੋਣ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਸੁਣਿਆਂ ਤੇ ਪਰੀਕਰਮਾ ਕਰਦੇ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ ਤੋਂ ਸ੍ਰੀ ਹਰਿਮੰਦਰ ਸਾਹਿਬ ਤੇ ਉਸ ਨਾਲ ਸਥਿਤ ਧਾਰਮਿਕ ਅਸਥਾਨਾ ਦਾ ਇਤਿਹਾਸ ਸੁਣਿਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਵੀ ਗੋਪਾਲਾ ਨੂੰ ਐਡਵੇਕੇਟ ਸ੍ਰ: ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ, ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ ਤੇ ਮੁੱਖ ਸੂਚਨਾ ਅਧਿਕਾਰੀ ਸ੍ਰ: ਗੁਰਬਚਨ ਸਿੰਘ ਨੇ ਲੋਈ, ਸਿਰੋਪਾਓ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੁਕੱਦਸ ਅਸਥਾਨ ਤੇ ਪਹਿਲਾਂ ਵੀ ਮੈਂ ਦਰਸ਼ਨ ਕਰਨ ਲਈ ਆ ਚੁੱਕਿਆ ਹਾਂ ਤੇ ਇਸ ਵਾਰ ਮੈਂ ਆਪਣੇ ਭਰਾ ਸ੍ਰੀ ਰਾਜ ਗੋਪਾਲਨ ਗੌੜਾ ਅਮਰੀਕਾ ਨਿਵਾਸੀ ਨਾਲ ਨਤਮਸਤਿਕ ਹੋਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਤੇ ਏਥੇ ਹਰ ਧਰਮਾਂ ਦੇ ਲੋਕ ਸਿਰ ਝੁਕਾਉਂਦੇ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਜੋ ਮੇਰਾ ਮਾਣ-ਸਨਮਾਨ ਕੀਤਾ ਗਿਆ ਹੈ ਉਸ ਲਈ ਮੈਂ ਬਹੁਤ ਅਭਾਰੀ ਹਾਂ।