ਭਾਈ ਅਮਰੀਕ ਸਿੰਘ ਦੀ ਯਾਦ ‘ਚ ਅਖੰਡਪਾਠ ਸਾਹਿਬ ਆਰੰਭ ਕੀਤੇ
ਅੰਮ੍ਰਿਤਸਰ, ੮ ਜੁਲਾਈ- ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦ ਵਿਚ ਉਸਾਰੀ ਗਈ ਸ਼ਹੀਦੀ ਯਾਦਗਾਰ ਵਿਖੇ ਆਰੰਭ ਕੀਤੇ ਸ੍ਰੀ ਅਖੰਡਪਾਠ ਸਾਹਿਬ ਦੀ ਲੜੀ ਦੇ ਪਹਿਲੇ ਪਾਠ ਦੇ ਭੋਗ ਅੱਜ ਪਾਏ ਗਏ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਜ਼ਦੀਕ ਉਸਾਰੀ ਗਈ ੧੯੮੪ ਦੇ ਸ਼ਹੀਦਾਂ ਦੀ ਸ਼ਹੀਦੀ ਯਾਦਗਾਰ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ਵਿਚ ਪਰਸੋਂ ਰੋਜ਼ ਤੋਂ ਰੱਖੇ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਜੀ ਦੀ ਅਰਦਾਸ ਗ੍ਰੰਥੀ ਭਾਈ ਗੁਰਜੀਤ ਸਿੰਘ ਪਹੂਵਿੰਡ ਵੱਲੋਂ ਕੀਤੀ ਗਈ ਅਤੇ ਹੁਕਮਨਾਮਾ ਲਿਆ ਗਿਆ। ਇਸ ਸਮੇਂ ਭਾਈ ਜਗਰੂਪ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ। ਉਪਰੰਤ ਦੂਸਰੇ ਅਖੰਡਪਾਠ ਸਾਹਿਬ ਅੱਜ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਯਾਦ ਵਿਚ ਆਰੰਭ ਕੀਤੇ ਗਏ। ਦੱਸਣਯੋਗ ਹੈ ਕਿ ੬ ਜੁਲਾਈ ਨੂੰ ਸ਼ਹੀਦੀ ਯਾਦਗਾਰ ਦੀ ਬੇਸਮੈਂਟ ਵਿਖੇ ਸ਼ਹੀਦੀ ਗੈਲਰੀ ਬਣਾਉਣ ਦੀ ਕਾਰ ਸੇਵਾ ਦੀ ਆਰੰਭਤਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਮਹਿਤਾ ਅਤੇ ਸਿੱਖ ਕੌਮ ਦੀਆਂ ਪੰਥਕ ਸ਼ਖਸੀਅਤਾਂ ਵੱਲੋਂ ਸ਼ਹੀਦੀ ਯਾਦਗਾਰ ਵਿਖੇ ਲੜੀਵਾਰ ਸ੍ਰੀ ਅਖੰਡਪਾਠ ਸਾਹਿਬ ਆਰੰਭ ਕੀਤੇ ਗਏ ਸਨ ਅਤੇ ਅੱਜ ਪਹਿਲੇ ਅਖੰਡਪਾਠ ਸਾਹਿਬ ਜੀ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ ਅਤੇ ਦੂਸਰੇ ਅਖੰਡਪਾਠ ਸਾਹਿਬ ਆਰੰਭ ਕੀਤੇ ਗਏ ਹਨ।
ਇਸ ਮੌਕੇ ਮੈਂਬਰ ਸ. ਅਜੈਬ ਸਿੰਘ ਅਭਿਆਸੀ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਭਾਈ ਅਮਰੀਕ ਸਿੰਘ ਦੀ ਪੁੱਤਰੀ ਬੀਬੀ ਸਤਵੰਤ ਕੌਰ, ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਐਡੀਸ਼ਨਲ ਮੈਨੇਜਰ ਸ. ਬਘੇਲ ਸਿੰਘ, ਸਮੇਤ ਦਮਦਮੀ ਟਕਸਾਲ ਅਤੇ ਫੈਡਰੇਸ਼ਨ ਦੇ ਸਿੰਘ ਵੱਡੀ ਗਿਣਤੀ ਵਿਚ ਹਾਜ਼ਰ ਸਨ।