ਅੰਮ੍ਰਿਤਸਰ 6 ਮਈ ( ) ਪ੍ਰਸਿੱਧ ਲੇਖਕ ਡਾ. ਜਸਬੀਰ ਸਿੰਘ ਸਰਨਾ ਦੁਆਰਾ ਸੰਪਾਦਤ ਕੀਤੀ ਗਈ ਪੁਸਤਕ ‘੧੯੪੭ ਘੱਲੂਘਾਰੇ ਦੀ ਕਵਿਤਾ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਲੋਕ-ਅਰਪਣ ਕੀਤੀ ਗਈ।ਇਸ ਮੌਕੇ ਗੱਲ ਕਰਦਿਆਂ ਸ. ਬੇਦੀ ਨੇ ਕਿਹਾ ਕਿ ਡਾ. ਜਸਬੀਰ ਸਿੰਘ ਸਰਨਾ ਨੇ ਹੁਣ ਤੱਕ ਅਨੇਕਾਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ।ਉਨ੍ਹਾਂ ਕਿਹਾ ਕਿ ਜਿਥੇ ਡਾ. ਸਰਨਾ ਨੇ ਕਈ ਕਾਵਿ ਸੰਗ੍ਰਹਿ ਪਾਠਕਾਂ ਦੇ ਸਨਮੁੱਖ ਕੀਤੇ ਹਨ, ਉਥੇ ਉਨ੍ਹਾਂ ਨੇ ਸਿੱਖ ਇਤਿਹਾਸ, ਵਿਗਿਆਨ, ਚਿੰਤਨ, ਸਾਹਿਤ ਆਦਿ ਵਿਸ਼ਿਆਂ ‘ਤੇ ਵੀ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਦੇ ਨਾਲ-ਨਾਲ ਡਾ. ਜਸਬੀਰ ਸਿੰਘ ਸਰਨਾ ਵੱਲੋਂ ਅੰਗਰੇਜ਼ੀ ਵਿੱਚ ਵੀ ਕਈ ਪੁਸਤਕਾਂ ਲਿਖ ਕੇ ਸਾਹਿਤਕ ਸੇਵਾ ਕੀਤੀ ਹੈ।
ਸ. ਬੇਦੀ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਡਾ. ਸਰਨਾ ਨੇ ੧੯੪੭ ਦੀ ਦੇਸ਼ ਵੰਡ ਸਮੇਂ ਵਾਪਰੇ ਦੁਖਾਂਤ ਨਾਲ ਸਬੰਧਤ ਵੱਖ-ਵੱਖ ਲੇਖਕਾਂ ਦੀਆਂ ਕਵਿਤਾਵਾਂ ਨੂੰ ਇਕੱਠਿਆਂ ਕੀਤਾ ਹੈ।ਉਨ੍ਹਾਂ ਕਿਹਾ ਕਿ ਡਾ. ਸਰਨਾ ਨੇ ਇਹ ਕਾਰਜ ਕਰਕੇ ਨਾ ਕੇਵਲ ਦਰਦਮਈ ਕਵਿਤਾ ਹੀ ਸਾਂਭੀ ਹੈ, ਸਗੋਂ ਇਸ ਸਮੇਂ ਦੀਆਂ ਹਿਰਦੇਵੇਧਕ ਘਟਨਾਵਾਂ ਨਾਲ ਸਬੰਧਤ ਕਈ ਤੱਤਾਂ ਨੂੰ ਵੀ ਸਾਂਭਿਆਂ ਹੈ।ਉਨ੍ਹਾਂ ਨੇ ਡਾ. ਜਸਬੀਰ ਸਿੰਘ ਸਰਨਾ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਇਹ ਪੁਸਤਕ ਪਾਠਕਾਂ ਨੂੰ ੧੯੪੭ ਦੇ ਦੁਖਾਂਤ ਬਾਰੇ ਜਾਣੂ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਏਗੀ।
ਇਸ ਮੌਕੇ ਡਾ. ਜਸਬੀਰ ਸਿੰਘ ਸਰਨਾ, ਸ਼੍ਰੋਮਣੀ ਕਮੇਟੀ ਦੇ ਸ/ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸ. ਸਤਵਿੰਦਰ ਸਿੰਘ ਫੂਲਪੁਰ, ਸ. ਹਰਭਜਨ ਸਿੰਘ ਵਕਤਾ, ਸ. ਭੁਪਿੰਦਰ ਸਿੰਘ ਤੇ ਸ. ਜਗਤਾਰ ਸਿੰਘ ਖੋਦੇਬੇਟ ਆਦਿ ਹਾਜ਼ਰ ਸਨ।