ਤਨਖ਼ਾਹ ਤੇ ਤਨਖ਼ਾਹੀਏ : ਪਰੰਪਰਾ ਤੇ ਇਤਿਹਾਸ

 

 

ਜਦ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਹੋਏ ਹੁਕਮਨਾਮਿਆਂ, ਆਦੇਸ਼ਾ ਤੇ ਫ਼ੈਸਲਿਆਂ ’ਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਸਾਰੇ ਹੁਕਮਨਾਮੇ ਤੇ ਆਦੇਸ਼ ਤਨਖ਼ਾਹੀਏ ਕਰਾਰ ਦੇਣ, ਪੰਥ ’ਚੋਂ ਖ਼ਾਰਜ ਕਰਨ, ਤਨਖ਼ਾਹ ਲਾਉਣ ਆਦਿ ਸੰਬੰਧੀ ਮਿਲਦੇ ਹਨ। ਜੇਕਰ ਅਸੀਂ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਬਹੁਤ ਸਾਰੇ ਇਤਿਹਾਸਕ ਹਵਾਲੇ ਮਿਲਦੇ ਹਨ, ਜਿਨ੍ਹਾਂ ਵਿਚ ਗੁਰਸਿੱਖ ਅਖਵਾਉਣ ਵਾਲਿਆਂ ਨੂੰ ਸਮੇਂ-ਸਮੇਂ ਤਨਖ਼ਾਹੀਏ ਕਰਾਰ ਦਿੱਤਾ ਗਿਆ ਤੇ ਫਿਰ ਸਮਾਂ ਆਉਣ ’ਤੇ ਉਨ੍ਹਾਂ ਨੂੰ ਤਨਖ਼ਾਹ ਵੀ ਲਾਈ ਗਈ।

ਪੰਥ-ਘਾਤੀ, ਬੇਮੁਖ, ਗੁਰੂ ਨਿੰਦਕ, ਕੁੜੀਮਾਰ ਪੰਥ ਨਾਲ ਟਾਕਰਾ ਕਰਨ ਵਾਲੇ, ਪਾਖੰਡੀ ਗੁਰੂ, ਪੰਥਕ ਮਰਿਆਦਾ ਤੋੜਨ ਵਾਲੇ, ਪੰਥ ‘’ਚੋਂ ਖ਼ਾਰਜ ਤੇ ਗੁਰਸਿੱਖੀ ਸਿਧਾਂਤਾਂ ਤੋਂ ਗਿਰ ਚੁੱਕਿਆਂ ਨਾਲ ਮਿਲਣ ਵਾਲੇ ਤਨਖ਼ਾਹੀਏ ਕਰਾਰ ਦਿੱਤੇ ਜਾਂਦੇ ਰਹੇ, ਇਹ ‘ਗੁਰੂ-ਪੰਥ ਦਾ ਵਿਧਾਨ ਤੇ ਪਰੰਪਰਾ ਹੈ।

ਸਿੱਖ ਰਹਿਤ ਮਰਿਆਦਾ ਵਿਰੁੱਧ ਕਰਮ-ਧਰਮ ਦੰਡ ਦਾ ਨਾਉਂ ‘ਤਨਖ਼ਾਹ’ ਹੈ, ਜੋ ਸਿੱਖ ਰਹਿਤ ਦੇ ਨਿਯਮ ਭੰਗ ਕਰਦਾ ਹੈ, ਉਹ ‘ਤਨਖ਼ਾਹੀਆ’ ਸੱਦੀਦਾ ਹੈ। ਇਸ ਸ਼ਬਦ ਦਾ ਮੂਲ ਇਹ ਹੈ, ਕਿ ਜਿਸ ਵੇਲੇ ਪੰਜਾਬ ਦੇ ਮੁਸਲਮਾਨ ਹਾਕਮਾਂ ਨੇ ਅਮਨ ਕਾਇਮ ਕਰਨ ਲਈ ਸਿੱਖਾਂ ਨਾਲ ਜ਼ਾਹਿਰ ਮੇਲ ਕਰ ਲਿਆ ਅਤੇ ਕਿਤਨੇ ਸਿੱਖਾਂ ਨੂੰ ਮਾਕੂਲ ਤਨਖ਼ਾਹ ਦੇ ਕੇ ਨੌਕਰ ਰੱਖ ਲਿਆ, ਤਦ ਅਣਖੀਲੇ ਸਿੰਘਾਂ ਨੇ ਆਪਣੇ ਭਾਈਆਂ ਦਾ ਇਹ ਕਰਮ ਘ੍ਰਿਣਾ ਯੋਗ ਜਾਣ ਨੌਕਰ ਸਿੱਖਾਂ ਦੀ ਅੱਲ ‘ਤਨਖ਼ਾਹੀਏ’ ਥਾਪ ਦਿੱਤਾ। ਕੁਝ ਸਮਾਂ ਪਾ ਕੇ ਧਰਮ ਅਤੇ ਮਰਿਆਦਾ ਦੇ ਵਿਰੁੱਧ ਕਰਮ ਕਰਨ ਵਾਲੇ ਦਾ ਨਾਮ ‘ਤਨਖ਼ਾਹੀਆ’ ਪੱਕ ਗਿਆ।1

ਭਾਈ ਕਾਨ੍ਹ ਸਿੰਘ ਦੇ ਉਕਤ ਵਿਚਾਰ ਅਨੁਸਾਰ ਮੁਸਲਮਾਨਾਂ ਦੀ ਨੌਕਰੀ ਕਰਨ ਤੇ ਤਨਖ਼ਾਹ ਲੈਣ ਨਾਲ ਤਨਖ਼ਾਹੀਆ ਅਖਵਾਇਆ। ਇਸ ਤੋਂ ਇਕ ਗੱਲ ਸਪਸ਼ੱਟ ਹੈ ਕਿ ‘ਗੁਰੂ-ਪਰਿਵਾਰ’ ਨਾਲੋਂ ਟੁੱਟ ਕੇ ਕਿਸੇ ਗੈਰ ਦੀ ਨੌਕਰੀ ਕਰਨੀ ਨਖਿਧ ਕਰਮ ਹੈ, ਪਰ ‘ਤਨਖ਼ਾਹ’ ਦੀ ਪਿਰਤ ਤਾਂ ਹੋਰ ਵੀ ਪੁਰਾਣੀ ਹੈ, ਜਿਸ ਬਾਰੇ ਅਸੀਂ ਵਿਚਾਰ ਕਰਾਂਗੇ।

ਤਨਖ਼ਾਹ ਦਾ ਸਮਅਰਥੀ ਸ਼ਬਦ ਤਲਬ, ਦਰਮਾਹਾ, ਮਾਹਵਾਰੀ, ਪੇ ਆਦਿ ਮਿਲਦੇ ਹਨ। ਪਰ ਗੁਰਮਤਿ ਵਿਚਾਰਧਾਰਾ ਵਿਚ ਤਨਖ਼ਾਹ ਦਾ ਅਰਥ ਧਰਮ ਦੰਡ, ਧਰਮ ਅਨੁਸਾਰੀ ਲਾਈ ਹੋਈ ਚੱਟੀ, ਖ਼ਾਲਸਾ ਧਰਮ ਵਿਰੁੱਧ ਕਰ ਪਾਤਕੀ, ਧਰਮ ਦੰਡ ਦਾ ਅਧਿਕਾਰੀ2 ਤਨਖ਼ਾਹੀਆ ਹੈ। ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿਚ ਇਕ-ਸੂਤ ਪਰੋਏ ਰਹਿਣਾ, ਰਹਿਤ ਵਿਚ ਕੋਈ ਭੁੱਲ ਹੋ ਜਾਵੇ ਤਾਂ ਖ਼ਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਬੇਨਤੀ ਕਰ ਕੇ ਤਨਖ਼ਾਹ ਬਖ਼ਸਾੳੇਣੀ। ਸਿੱਖ ਰਹਿਤ ਮਰਿਆਦਾ ਅਨੁਸਾਰ ਤਨਖ਼ਾਹੀਏ ਇਹ ਹਨ :

(1) ਮੀਣੇ (ਇਨ੍ਹਾਂ ਵਿੱਚੋਂ ਜਿਹੜੇ ਅੰਮ੍ਰਿਤ ਛਕ ਕੇ ਪੰਥ ਵਿਚ ਮਿਲ ਜਾਣ, ਉਹਨਾਂ ਨਾਲ ਵਰਤਣਾ ਠੀਕ ਹੈ), ਮਸੰਦ, ਧੀਰਮੱਲੀਏ, ਰਾਮਰਾਈਏ, ਆਦਿਕ ਪੰਥਕ ਵਿਰੋਧੀਆਂ ਨਾਲ ਜਾਂ ਨੜੀਮਾਰ, ਕੁੜੀਮਾਰ, ਸਿਰਗੁੰਮ ਨਾਲ ਵਰਤਣਾ (ਵਰਤਣ ਤੋਂ ਭਾਵ ਰੋਟੀ-ਬੇਟੀ ਦੀ ਸਾਂਝ ਹੈ, ਜਿਸ ਦਾ ਸਪਸ਼ੱਟ ਅਰਥ ਰਿਸਤਾ-ਨਾਤਾ ਕਰਕੇ ਬਰਾਦਰੀ ਦਾ ਸੰਬੰਧ ਪੈਦਾ ਕਰਨਾ ਹੈ। ਗੁਰੂ ਸਾਹਿਬ ਦਾ ਭਾਵ ਪੰਥ ਨੂੰ ਇਕ ਕਰ ਕੇ ਰੱਖਣਾ ਸੀ, ਤਾਂ ਕਿ ਵੱਖਰੇ ਵੱਖਰੇ ਗੁਰਆਈ ਦੇ ਸੈਂਟਰ ਜਾਂ ਮਿਲਗੋਭਾ ਸਿੱਖੀ ਦੇ ਅੱਡੇ ਨਾ ਬਣਨ) ਵਾਲਾ ਤਨਖ਼ਾਹੀਆ ਹੋ ਜਾਂਦਾ ਹੈ।
(2) ਬੇ-ਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ।
(3) ਦਾਹੜਾ ਰੰਗਣ ਵਾਲਾ।
(4) ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ।
(5) ਕੋਈ ਨਸ਼ਾ (ਭੰਗ, ਅਫੀਮ, ਸ਼ਰਾਬ, ਪੋਸਤ, ਕੁਕੀਨ ਆਦਿ) ਵਰਤਣ ਵਾਲਾ।
(6) ਗੁਰਮਤਿ ਦੇ ਵਿਰੁੱਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ।
(7) ਰਹਿਤ ਵਿਚ ਕੋਈ ਭੁੱਲ ਕਰਨ ਵਾਲਾ।3

ਸਿੱਖ ਰਹਿਤ ਮਰਿਆਦਾ ਦੇ ਉਕਤ 7 ਨੁਕਤਿਆਂ ਵਿਚੋਂ ਕਿਸੇ ਇਕ ਨੂੰ ਵੀ ਕਰਨ ਵਾਲਾ ‘ਗੁਰੂ ਪੰਥ’ ਦਾ ਤਨਖ਼ਾਹੀਆ ਹੈ। ਇਨ੍ਹਾਂ ਨੁਕਤਿਆਂ ਵਿਚ ਸਿੱਖ ਧਰਮ ਅਤੇ ਸਮਾਜ ਨਾਲ ਸੰਬੰਧਤ ਹਰੇਕ ਪੱਖ ਨੂੰ ਸ਼ਾਮਲ ਕੀਤਾ ਗਿਆ ਹੈ। ਜੂਨ, 1978 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਿਆਂ ਤੋਂ ਬਾਅਦ ‘ਨਿਰੰਕਾਰੀ ਫ਼ਿਰਕਾ’ ਪੰਥ ਵਿਰੋਧੀਆਂ ਵਿਚ ਸ਼ਾਮਲ ਹੈ। ਇਸ ਕਰਕੇ ਇਨ੍ਹਾਂ ਨਾਲ ਮਿਲਵਰਤਣ ਰੱਖਣ ਵਾਲਾ ਤਨਖ਼ਾਹੀਆ ਹੋ ਜਾਂਦਾ ਹੈ। ਮਨੁੱਖ ਭੁੱਲਣਹਾਰ ਹੈ, ਭੁੱਲ ਕਿਸੇ ਵੀ ਗੁਰਸਿੱਖ ਪਾਸੋਂ ਹੋ ਸਕਦੀ ਹੈ, ਇਸ ਲਈ ‘ਗੁਰੂ-ਪੰਥ’ ਨੇ ਤਨਖ਼ਾਹ ਲਾਉਣ ਦਾ ਵਿਧਾਨ ਨਿਸ਼ਚਿਤ ਕਰ ਦਿੱਤਾ :

(1) ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਹੀ ਗੁਰ-ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁਖ ਖੜੋ ਕੇ ਆਪਣੀ ਭੁੱਲ ਮੰਨੇ।
(2) ਗੁਰ-ਸੰਗਤ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ‘ਪੰਜ ਪਿਆਰੇ’ ਚੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰ-ਸੰਗਤ ਪਾਸ ਤਨਖ਼ਾਹ ਤਜਵੀਜ਼ ਕਰਨ।
(3) ਸੰਗਤ ਨੂੰ ਬਖ਼ਸਣ ਵੇਲੇ ਹਠ ਨਹੀਂ ਕਰਨਾ ਚਾਹੀਦਾ, ਨਾ ਹੀ ਤਨਖ਼ਾਹ ਲੁਆਉਣ ਵਾਲੇ ਨੂੰ ਦੰਡ ਭਰਨ ਵਿਚ ਅੜੀ ਕਰਨੀ ਚਾਹੀਦੀ ਹੈ। ਤਨਖ਼ਾਹ ਕਿਸੇ ਕਿਸਮ ਦੀ ਸੇਵਾ, ਖ਼ਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਦੀ ਹੈ।4
ਸਿੱਖ ਰਹਿਤ ਮਰਿਆਦਾ ਦੀ ‘ਤਨਖ਼ਾਹ ਲਾਉਣ ਦੀ ਵਿਧੀ’ ਸੰਬੰਧੀ ਨੁਕਤਿਆਂ ਤੋਂ ਸਪੱਸ਼ਟ ਹੈ ਕਿ ‘ਤਨਖ਼ਾਹ’ ਗੁਰਸਿੱਖ ਦੇ ਵਿਅਕਤੀਗਤ ਜੀਵਨ ਵਿਚ ‘ਗੁਰਮਤਿ ਮਰਿਆਦਾ’ ਦੇ ਵਿਰੁੱਧ ਜਾਣੇ-ਅਣਜਾਣੇ ਹੋਏ ਗੁਨਾਹ ਦੀ ਧਾਰਮਿਕ ਸਜ਼ਾ ਹੈ, ਜੋ ਗੁਰਸਿੱਖ ਨੇੜੇ ਦੀ ਗੁਰ-ਸੰਗਤ ਵਿਚ ਹਾਜ਼ਰ ਹੋ ਕੇ ਖ਼ੁਦ ਲਵਾਉਂਦਾ ਹੈ। ਪਰ ਜੇਕਰ ਗੁਰਸਿੱਖ ਸਦਵਾਉਣ ਵਾਲਾ ਅਜਿਹਾ ਕੁਕਰਮ ਕਰ ਬੈਠੇ, ਜਿਸ ਦਾ ਸੰਬੰਧ ‘ਗੁਰੂ-ਪੰਥ’ ਜਾਂ ਸਮੁੱਚੇ ਸਿੱਖ ਸਮਾਜ ਨਾਲ ਹੋਵੇ ਅਤੇ ਆਪਣੇ ਵੱਲੋਂ ਹੋਈ ਭੁੱਲ ਨੂੰ ਬਖ਼ਸ਼ਾਉਣ ਲਈ ਸੰਗਤ ਪਾਸ ਆਪ ਹਾਜ਼ਰ ਨਾ ਹੋਵੇ ਤਾਂ ‘ਗੁਰੂ-ਪਥ’ ਦੇ ਵਿਧਾਨ ਅਨੁਸਾਰ ਉਸ ਨੂੰ ਕਿਸੇ ਤਖ਼ਤ ਤੋਂ ਖ਼ਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ। ਤਨਖ਼ਾਹੀਆ ਕਰਾਰ ਦੇਣ ਤੋਂ ਪਿੱਛੋਂ ਵੀ ਜੇਕਰ ਅਜਿਹਾ ਸਿੱਖ ਆਪਣੀ ਭੁੱਲ ਲਈ ‘ਤਖ਼ਤ’ ’ਤੇ ਪੰਜਾਂ ਪਿਅਰਿਆਂ ਦੇ ਸਨਮੁਖ ਆਪਣੇ ਆਪ ਨੂੰ ਪੇਸ਼ ਨਹੀ ਕਰਦਾ ਤਾਂ ‘ਪੰਜ ਪਿਆਰੇ’ ‘ਗੁਰੂ-ਪੰਥ’ ਦੇ ਪ੍ਰਤੀਨਿਧ ਹੋਣ ਕਰਕੇ ਅਜਿਹੇ ਵਿਅਕਤੀ ਨੂੰ ਪੰਥ ਵਿਚੋਂ ਖ਼ਾਰਜ ਕਰ ਦਿੰਦੇ ਹਨ। ਜੇਕਰ ਇਤਿਹਾਸਕ ਤੌਰ ’ਤੇ ਵੇਖਿਆ ਜਾਵੇ ਤਾਂ ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ, ਨਿਰੰਕਾਰੀ ਸਮੁੱਚੇ ਰੂਪ ਵਿਚ ਪੰਥ ਵਿਚੋਂ ਖ਼ਾਰਜ ਕੀਤੇ ਗਏ ਹਨ, ਜਿਸ ਕਰਕੇ ਇਨ੍ਹਾਂ ‘ਪੰਥ ਵਿਰੋਧੀਆਂ’ ਨਾਲ ਵਰਤਣਾ ਪੰਥਕ ਮਰਿਆਦਾ ਦੀ ਉਲੰਘਣਾ ਹੈ। ਪੰਥਕ ਉਲੰਘਣਾ ਕਰਨ ਵਾਲਿਆਂ ਨੂੰ ਸਮੇਂ-ਸਮੇਂ ਤਨਖ਼ਾਹੀਏ ਕਰਾਰ ਦਿੱਤਾ ਗਿਆ ਤੇ ਉਹ ਦੇਰ-ਸਵੇਰ ਤਨਖ਼ਾਹ ਲਵਾਉਣ ਲਈ ‘ਗੁਰੂ-ਪੰਥ’ ਦੇ ਸਰਵੳੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਹਿਬ ’ਤੇ ਪੇਸ਼ ਹੋ ਕੇ ਤਨਖ਼ਾਹ ਲਗਵਾਉਂਦੇ ਰਹੇ। ਇਹ ਕੋਈ ਨਵੀਂ ਪਿਰਤ ਨਹੀਂ, ਸਗੋਂ ਇਹ ਤਾਂ ਪੰਥਕ ਪਰੰਪਰਾ ਹੈ, ਜਿਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਸਾਨੂੰ ਗੁਰੂ-ਕਾਲ ਤੇ ਸਿੱਖ ਇਤਿਹਾਸ ਵਿਚੋਂ ਪ੍ਰਾਪਤ ਹੁੰਦੀਆਂ ਹਨ।

ਇਕ ਗੱਲ ਫੇਰ ਸਪੱਸ਼ਟ ਕਰਨੀ ਜ਼ਰੂਰੀ ਹੈ ਕਿ ਤਨਖ਼ਾਹ ਲਾਉਣ ਤੋਂ ਭਾਵ ਹੈ ਕਿ ਜਾਣੇ-ਅਣਜਾਣੇ ਹੋਈ ਭੁੱਲ ਦੁਬਾਰਾ ਨਾ ਹੋਵੇ। ਤਨਖ਼ਾਹ ਲਾਉਣ ਨਾਲ ਦੂਸਰੇ ਧਰਮੀ ਭਰਾਵਾਂ ਨੂੰ ਨਸੀਹਤ ਮਿਲਦੀ ਹੈ।

ਤਨਖ਼ਾਹ ਲਾਉਣ ਲੱਗਿਆਂ ਕਿਸੇ ਤਰ੍ਹਾਂ ਵੀ ਪੱਖਪਾਤ ਮਹੀਂ ਕਰਨਾ ਚਾਹੀਦਾ, ‘ਗੁਰੂ-ਪੰਥ’ ਦਾ ਬਿਰਦ ਹੈ ਕਿ ਗੁਰਸਿੱਖ ਪਾਸੋਂ ਹੋਈ ਧਾਰਮਿਕ, ਸਮਾਜਿਕ ਢਿਲਿਆਈ ਦੂਰ ਕਰ ਕੇ ਚੜ੍ਹਦੀ ਕਲਾ ਦਾ ਜੀਵਨ ਪ੍ਰਦਾਨ ਕਰਨਾ।

ਇਤਿਹਾਸਕ ਤੌਰ ’ਤੇ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦੇ ਦਰਬਾਰੀ ਰਾਗੀ ਭਾਈ ਸੱਤਾ ਤੇ ਬਲਵੰਡ ਕਿਸੇ ਕਾਰਨ ਗੁਰੂ-ਘਰ ਤੋਂ ਆਕੀ ਹੋ ਗਏ ਤਾਂ ਗੁਰੂ ਜੀ ਨੇ ਆਦੇਸ਼ ਕਰ ਦਿੱਤਾ ਕਿ ਕੋਈ ਸਿੱਖ ਉਨ੍ਹਾਂ ਨੂੰ ਮੂੰਹ ਨਾ ਲਾਵੇ। ਬਹੁਤ ਸਮਾਂ ਇਸ ਤਰ੍ਹਾਂ ਹੀ ਰਿਹਾ, ਪਰ ਅਖ਼ੀਰ ਭਾਈ ਲੱਧਾ ਜੀ ਪਰਉਪਕਾਰੀ ਨੇ ‘ਸੱਤਾ-ਬਲਵੰਡ’ ਨੂੰ ਗੁਰੂ-ਘਰ ਤੋਂ ਮਾਫ਼ੀ ਦੁਆਈ। ਗੁਰੂ-ਘਰ ਤੋਂ ਭੁੱਲ ਬਖ਼ਸ਼ਾਉਣ ’ਤੇ ਉਸੇ ਹੀ ‘ਸੱਤੇ-ਬਲਵੰਡੇ’ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰ ਕੇ, ਗੁਰੂ ਅਰਜਨ ਦੇਵ ਜੀ ਨੇ ਸਦਾ ਲਈ ਮਾਣ ਸਤਿਕਾਰ ਬਖ਼ਸ਼ ਦਿੱਤਾ।
ਪ੍ਰਿਥੀਏ ਪਿੱਛੇ ਲੱਗਣ ਵਾਲੇ ਗੁਰੂ-ਘਰ ਦੇ ਵਿਰੋਧੀ ‘ਮੀਣੇ’ ਕਹਾਏ ਤੇ ਪੰਥ ’ਚੋਂ ਛੇਕੇ ਗਏ। ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ ਜੀ ਦੇ ਕਥਨ ਅਨੁਸਾਰ, ਰਾਮਰਾਇ ਨੂੰ ਸੰਗਤ ਵਲੋਂ ਦੰਡ ਮਿਲਿਆ। ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਵੱਡੇ ਪੁੱਤਰ ‘ਰਾਮਰਾਇ’ ਨੇ ਗੁਰੂ-ਹੁਕਮ ਦੀ ‘ਬੂਟਾ ਸਿੰਘ’ ਵਾਂਗ ਉਲੰਘਣਾ ਕੀਤੀ ਸੀ। ਉਸ ਨੂੰ ਸਮੇਂ ਦੇ ਹਾਕਮਾਂ ਦੇ ਭੈਅ ਅਤੇ ਉਨ੍ਹਾਂ ਵੱਲੋਂ ਦਿੱਤੇ ਲਾਲਚਾਂ ਨੇ ਮਦਹੋਸ਼ ਕਰ ਦਿੱਤਾ ਸੀ ਅਤੇ ਉਹ ਗੁਰੂ ਸਾਹਿਬ ਵਲੋਂ ਮਿਲੀਆਂ ਬੇਅੰਤ ਰੂਹਾਨੀ ਸ਼ਕਤੀਆਂ ਦੇ ਬਾਵਜੂਦ ‘ਗੁਰੂ’ ਤੋਂ ਬੇਮੁਖ ਹੋ ਗਿਆ। ਗੁਰੂ ਸਾਹਿਬ ਨੇ ਵੀ ਆਦੇਸ਼ ਦੇ ਦਿੱਤਾ ਕਿ ਸਾਡੇ ਮੱਥੇ ਨਾ ਲੱਗੀਂ। ਇਹ ਵਿੱਥ ਇਕ ਲਮਾਂ ਅਰਸਾ ਬਣੀ ਰਹੀ। ਪਰ ਆਖਰ ਨੂੰ ਰਾਮਰਾਇ ਦੀ ਆਤਮਾ ਨੇ ਵੀ ਉਸ ਨੂੰ ਝੰਜੋੜ ਕੇ ਮਜਬੂਰ ਕਰ ਦਿੱਤਾ ਅਤੇ ਉਸ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਆਪਣੀਆਂ ਭੁੱਲਾਂ ਬਖ਼ਸ਼ਾਉਣ ਲਈ ਬੇਨਤੀ-ਪੱਤਰ ਆਪਣੇ ਬੰਦਿਆਂ ਰਾਹੀਂ ਭੇਜਿਆ, ਜਿਸ ਨੂੰ ਕਲਗੀਧਰ ਪਿਤਾ ਨੇ ਸ਼ਰਨ ਆਏ ਦੀ ਲਾਜ ਰੱਖਣ ਵਾਸਤੇ ਪ੍ਰਵਾਨ ਕਰ ਲਿਆ। ਸ੍ਰੀ ਪਾਉਂਟਾ ਸਾਹਿਬ ਤੋਂ ਚੱਲ ਕੇ ਜਨਨਾ ਦੇ ਤਟ ’ਤੇ ਬੇੜੀ ਵਿਚ ਦੋਹਾਂ ਦੀ ਮੁਲਾਕਾਤ ਹੋਈ ਅਤੇ ਗੁਰੂ ਸਾਹਿਬ ਵਲੋਂ ਆਪਣੀਆਂ ਸਾਰੀਆਂ ਭੁੱਲਾਂ ਬਖ਼ਸ਼ਵਾ ਕੇ ਰਾਮਰਾਇ ਗੁਰੂ ਦਰਬਾਰ ਵਿਚ ਸੁਰਖ਼ਰੂ ਹੋ ਗਿਆ।
ਗੁਰੂ-ਘਰ ਦੇ ਪ੍ਰਤੀਨਿਧ ਅਖਵਾਉਣ ਵਾਲੇ ‘ਮਸੰਦ’, ਜਦੋਂ ੳੱਚ ਧਾਰਮਿਕ ਜੀਵਨ ਦੇ ਧਾਰਨੀ ਨਹੀਂ ਰਹੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ੁਦ ਹੁਕਮਨਾਮੇ ਜਾਰੀ ਕਰ ਕੇ ‘ਮਸੰਦਾਂ’ ਨੂੰ ਪੰਥ ਵਿਚੋਂ ਖ਼ਾਰਜ ਕਰਦਿਆਂ ਗੁਰਸਿੱਖਾਂ ਨੂੰ ਉਨ੍ਹਾਂ ਨਾਲ ਮਿਲਵਰਤਣ ਤੋਂ ਸਖ਼ਤੀ ਨਾਲ ਰੋਕਿਆ। ਇਸ ਸੰਬੰਧੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਦੇਖਣਯੋਗ ਹੈ :

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਗਤਿ ਨਉਸ਼ਹਰੇ ਕੀ ਯੋਗੁ ਫੱਗਣ 10, 1758 ਬਿ: 6 ਫ਼ਰਵਰੀ, 1702… ਸਰਬਤ ਸੰਗਤ ਮੇਰਾ ਖਾਲਸਾ ਹੈ, ਸੰਗਤਿ ਮਸੰਦ-ਮਸੰਦੀਓ ਨਾਲ ਨਹੀਂ ਮਿਲਣਾ … ਜੋ ਸਿੱਖ ਮਿਲੇ ਸੋ ਮੇਲ ਲੈਣਾ ਹੋਰ ਦਿਕਤਿ ਕੋਈ ਨਾਹੀਂ ਕਰਨੀ ਪਿਆਰ ਕਰਣਾ, ਮੇਰੀ ਖ਼ੁਸ਼ੀ ਹੈ …।6

ਗੁਰੂ ਗੋਬਿੰਦ ਸਿੰਘ ਜੀ ਨੇ ਬੁੱਤਪ੍ਰਸਤੀ, ਮੜ੍ਹੀਆਂ, ਮਸਾਣਾਂ, ਕਬਰਾਂ, ਸਮਾਧਾਂ ਦੇ ਪੁਜਣ ਤੋਂ ਗੁਰਸਿੱਖਾਂ ਨੂੰ ਸਖ਼ਤੀ ਨਾਲ ਵਰਜਿਆ। ਪਰ ਜਦ ਗੁਰੂ ਜੀ ਦੱਖਣ ਨੂੰ ਜਾਂਦੇ ਹੋਏ ਸੰਮਤ 1764 ਨੂੰ ਦਾਦੂ ਦਵਾਰੇ ਪਹੁੰਚੇ, ਇਸ ਬਾਰੇ ਇਤਿਹਾਸ ਵਿਚ ਕਥਾ ਹੈ, ਕਿ ਗੁਰੂ ਸਾਹਿਬ ਨੇ ਕਮਾਣ ਦੇ ਗੋਸ਼ੇ ਨਾਲ ਦਾਦੂ ਜੀ ਦੀ ਸਮਾਧ ਨੂੰ ਪ੍ਰਣਾਮ ਕੀਤਾ, ਜਿਸ ਪਰ ਖ਼ਾਲਸੇ ਨੇ ਮੜ੍ਹੀ ਨੂੰ ਨਮਸਕਾਰ ਕਰਨ ਦੇ ਅਪਰਾਧ ਵਿਚ ਦਸਮੇਸ਼ ਨੂੰ ਤਨਖ਼ਾਹੀਆ ਠਹਰਾਇਆ। ਕਲਗੀਧਰ ਨੇ ਫ਼ੁਰਮਾਇਆ ਕਿ ਅਸੀਂ ਇਹ ਕਰਮ ਖ਼ਾਲਸੇ ਦੀ ਪ੍ਰੀਖਿਆ ਲਈ ਕੀਤਾ ਸੀ ਅਤੇ ਪ੍ਰਸੰਨਤਾ ਨਾਲ ਧਰਮ ਦੰਡ (ਤਨਖ਼ਾਹ) ਦੇ ਕੇ ਅੱਗੇ ਨੂੰ ਸ਼ੁੱਭ ਰੀਤ ਤੋਰੀ।7

ਸੌ ਸਾਖੀ ਵਿਚ ਇਸ ਘਟਨਾ ਨੂੰ ਵਿਸਥਾਰ ਸਹਿਤ ਦਰਜ ਕੀਤਾ ਗਿਆ :
ਦੱਖਣ ਜਾਂਦੇ ਗੁਰ ਗਏ ਦਾਦੂ ਦੁਆਰ ਸੰਬੂਹ।
ਧਰੇ ਕਮਾਨ ਲਿਲਾਰ ਮੈਂ, ਸਿਖ ਬਿਸਮਾਏ ਰੂਹ।…
(ਮੱਥੇ ’ਤੇ ਕਮਾਣ ਲਾ ਕੇ ਨਮਸਕਾਰ ਕੀਤੀ)
ਝੁਕੇ ਹਸੇ ਤਬ ਖਾਲਸੇ ਪੂਛਾ ਇਹ ਵਿਰਤੰਤ।
ਸਿਖ ਪਿਆਸੇ ਵਚਨ ਕੇ ਅਬੈ ਪੂਛਤੇ ਮੰਤ।
ਤੁਮਰਾ ਕਹਿਨਾ ਸਿਖ ਕੋ ਮੜ੍ਹੀ ਮਸਾਨ ਨ ਮਾਨ।
ਆਪੁ ਅਭੁਲ ਜੋ ਭੁਲ ਪਰੇ ਇਹੁ ਅਚੰਭਾ ਜਾਨ।
ਹੱਸ ਬੋਲੇ ਪ੍ਰਭੁ ਦਯਾਲ ਜੀ ਹਮ ਤਨਖਾਹੀ ਹੋਤੁ।
ਗੁਰੂ ਖਾਲਸਾ ਸੋਇ ਗੁਰੂ ਇਹੁ ਬਾਣੀ ਸੰਕੇਤ।
ਪਾਂਚ ਸੌ ਕੀ ਭੇਟ ਦੇ ਪ੍ਰਭ ਜੀ ਸਿਖ ਤਨਖਾਹਿ।
ਹਮ ਦੀਨੀ ਜੋ ਦੇਇ ਨਹਿ ਤਿਸਕੀ ਪੂੰਜੀ ਸੁਆਹ ॥96॥8

ਅਸਲ ਵਿਚ ‘ਗੁਰੂ-ਪੰਥ’ ਵੱਲੋਂ ਲਾਈ ਤਨਖ਼ਾਹ ਪੂਰੀ ਕਰ ਕੇ ਗੁਰਸਿੱਖ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹੈ। ਗੁਰਸਿੱਖ ਤਨਖ਼ਾਹ ਪੂਰੀ ਕਰ ਕੇ ਪੰਥ ਦਾ ਪਿਆਰ ਪ੍ਰਾਪਤ ਕਰਦਾ ਹੈ ਤੇ ਸਵੈਮਾਣ ਨਾਲ ਗੁਰੂ ਪਰਿਵਾਰ ਦਾ ਮੈਂਬਰ ਬਣ ਕੇ ਜੀਵਨ ਜੀਉਂਦਾ ਹੈ। ਤਨਖ਼ਾਹ ਲਵਾਉਣੀ ‘ਗੁਰੂ-ਪੰਥ’ ਪ੍ਰਤੀ ਗੁਰਸਿੱਖ ਦੀ ਸਮਰਪਣ ਭਾਵਨਾ ਦੀ ਲਖਾਇਕ ਹੈ।

ਜਿਵੇਂ ਕਿ ਅਸੀਂ ਉੱਪਰ ਵਿਚਾਰ ਕਰ ਚੁੱਕੇ ਹਾਂ ਕਿ ਪੰਜਾਬ ’ਚਅਮਨ ਕਾਇਮ ਕਰਨ ਲਈ ਮੁਸਲਮਾਨ ਹਾਕਮਾਂ ਨੇ ਬਹੁਤ ਸਾਰੇ ਸਿੱਖਾਂ ਨੂੰ ‘ਤਨਖ਼ਾਹਾਂ’ ਦੇ ਕੇ ਆਪਣੇ ਨਾਲ ਸ਼ਾਮਲ ਕਰ ਲਿਆ ਜਿਹੜੇ ‘ਗੁਰੂ-ਪੰਥ ਦੇ ਤਨਖ਼ਾਹੀਏ ਕਹਾਏ। ਇਨ੍ਹਾਂ ਵਿਚੋਂ ਸਾਨੂੰ ਇਕ ਪ੍ਰਮੁੱਖ ਉਦਾਹਰਣ ਮਿਲਦੀ ਹੈ, ਸ੍ਰ: ਸੁਬੇਗ ਸਿੰਘ ਦੀ, ਜੋ ਲਾਹੌਰ ਦਰਬਾਰ ਵਿਚ ਸਰਕਾਰੀ ਠੇਕੇਦਾਰ ਬਣ ਗਿਆ। ਜਦ ਸੁਬੇਗ ਸਿੰਘ ਲਾਹੌਰ ਦਰਬਾਰ ਵੱਲੋਂ ਨਵਾਬੀ ਤੇ ਖ਼ਿਲਤ ਲੈ ਕੇ ‘ਖਾਲਸਾ ਪੰਥ’ ਪਾਸ ਪਹੁੰਚੇ ਤਾਂ ਸਭ ਤੋਂ ਪਹਿਲਾ ਉਸ ਨੂੰ ਤਨਖ਼ਾਹ ਲਾਈ ਗਈ, ਨਵਾਬੀ ਕਬੂਲ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਬਾਅਦ ਵਿਚ ਕੀਤਾ ਗਿਆ। ਇਤਿਹਾਸਕ ਵਾਕਿਆਤ ਹੈ :

ਜਿਮ ਸੁਬੇਗ ਸਿੰਘ ਢਿਗ ਝੁਕ ਆਵੈ, ਕਰੈ ਕੁੰਨਸ ਔ ਸੀਸ ਝੁਕਾਵੈ।
ਦੇਖ ਖਾਲਸਾ ਹੋਇ ਪ੍ਰਸੰਨ, ਕਹੈ ਖਾਲਸਾ ਅੱਗਯੋਂ ਧੰਨ ॥28॥
ਢੁਕ ਢਿਗ ਸੁ ਰਹਯੋ ਖਲੋਇ, ਲਾਇ ਤਨਖਾਹ ਅਬ ਬਖਸੀਏ ਮੋਹਿ।
ਹੈ ਖਾਲਸੋ ਸਬ ਬਖਸਨ ਜੋਗੁ, ਹਮ ਤਨਖਾਹੀ ਘਰਬਾਰੀ ਲੋਗ ॥29॥
ਹੁਇ ਪ੍ਰਸੰਨ ਬਚ ਖਾਲਸੈ ਕੀਯੋ, ਲਾਇ ਤਨਖਾਹਿ ਬਖਸਨ ਕਹਿ ਦੀਯੋ।
ਖਾਲਸੈ ਹੁਕਮ ਕੀਯ ਪੰਜ ਭੁਜੰਗਨ, ਤਨਖਾਹ ਮਨਾਇ ਬਖਸਯੋ ਭਲ ਰੰਗਨ ॥30॥9

ਜੱਸਾ ਸਿੰਘ ਇਚੋਗਿਲ ਨੂੰ (ਜੋ ਪਿੱਛੇ ਰਾਮਗੜ੍ਹੀਆ ਦੇ ਨਾਂ ਨਾਲ ਮਸ਼ਹੂਰ ਹੋਇਆ) ਇਕ ਮਾਸੂਮ ਬੱਚੀ ਨੂੰ ਮਾਰ ਦੇਣ ਦੇ ਦੋਸ਼ ਵਿਚ ਸਿੱਖ ਕੌਮ ਨੇ ਬਰਾਦਰੀ ਵਿਚੋਂ ਖ਼ਾਰਜ ਕੀਤਾ ਹੋਇਆ ਸੀ ਤੇ ਉਸ ਨੇ ਅਦੀਨਾ ਬੇਗ ਦੀ ਨੌਕਰੀ ਕਰ ਲਈ ਸੀ। ਰਾਮਰੌਣੀ ਦੇ ਘੇਰੇ ਸਮੇਂ ਉਸ ਨੇ ਇਕ ਸੁਨੇਹਾ ਕਿਲ੍ਹੇ ਦੇ ਅੰਦਰ ਭੇਜਿਆ ਅਤੇ ਧਰਮ ਭਰਾਵਾਂ ਨੂੰ ਬੇਨਤੀ ਕੀਤੀ ਕਿ ਉਸ ਨੂੰ ਮਾਫ਼ ਕਰ ਦੇਣ ਅਤੇ ਉਸ ਨੂੰ ਮੁੜ ਆਪਣੇ ਵਿਚ ਸ਼ਾਮਲ ਕਰ ਲੈਣ।10

ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਨੇ ਇਸ ਮਾਮਲੇ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ :

ਸਿੰਘ ਤ੍ਰਖਾਨ ਜੱਸਾ ਸਿੰਘ ਜੋਇ, ਦੀਨੋਂ ਸਿੰਘਨ ਛੇਕ ਥੋ ਸੋਇ।
ਸੋ ਆਏ ਦੀਨਾ ਬੇਗ ਪੈਰ ਹਾ, ਸਿੰਘ ਸੈਂਕਰੋ ਉਸ ਸੰਗ ਅਹਾ ॥45॥
ਤੋ ਸਿੰਘ ਯੌ ਅਬ ਬਚਨ ਉਚਾਰੇ, ਹਮ ਭੀ ਮਰੈ ਸੁ ਸਿੰਘਨ ਨਾਰੇ (ਨਾਲੇ)।
ਜੇ ਤੁਮ ਹਮ ਕੋ ਲੇਵੋ ਮੇਲ, ਆਇ ਰਲੈਂ ਹਮ ਤੁਮਰੀ ਗੈਲ ॥46॥
… … …
ਹਮ ਭੀ ਰਲੈਂਗੇ ਖਾਲਸੇ ਨਾਲ, ਖਾਲਸੇ ਟੂਟੀ-ਗੰਢਨ-ਵਾਲ ॥11

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਮਤਿ ਮਰਿਆਦਾ ਦਾ ਉਲੰਘਣ ਕਰਨ ਵਾਲਿਆਂ ਨੂੰ ਤਨਖ਼ਾਹੀਏ ਕਰਾਰ ਦੇਣਾ, ਜੇਕਰ ਤਨਖ਼ਾਹ ਨਾ ਲਗਾਵੇ ਤਾਂ ਪੰਥ ਵਿਚੋਂ ਛੇਕ ਦੇਣ ਦੀ ਬਲਵਾਨ ਪੰਥਕ ਪਰੰਪਰਾ ਰਹੀ ਹੈ। ਉਕਤ ਕੁਝ ਇਕ ਹਵਾਲਿਆਂ ਤੋਂ ਸਾਨੂੰ ਇਹ ਵੀ ਸੇਧ ਮਿਲਦੀ ਹੈ ਕਿ ‘ਖ਼ਾਲਸਾ ਪੰਥ’ ਜਾਂ ‘ਗੁਰੂ-ਪੰਥ’ ਵਿਚ ਸਭ ਬਰਾਬਰ ਭਾਈ ਭਾਈ ਹਨ, ਜੇਕਰ ਕੋਈ ਵੀ ਪੰਥਕ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਧਰਮ ਦੰਡ ਤਨਖ਼ਾਹ ਲਾਈ ਜਾਂਦੀ ਹੈ, ਫਿਰ ਪੰਥ ਵਿਚ ਸ਼ਾਮਲ ਕੀਤਾ ਜਾਂਦਾ ਹੈ।

ਤਨਖ਼ਾਹ ਸੰਗਤ ਦੇ ਜੋੜੇ ਝਾੜਨ, ਲੰਗਰ ਦੇ ਜੂਠੇ ਬਰਤਨ ਸਾਖ਼ ਕਰਨ, ਗੁਰਬਾਣੀ ਦਾ ਨਿਤਨੇਮ ਤੋਂ ਇਲਾਵਾ ਪਾਠ ਕਰਨਾ, ਪੰਥਕ ਕਾਰਜਾਂ ਲਈ ਮਾਇਆ, ਝਾੜੂ ਦੇਣ ਆਦਿ ਕਿਸੇ ਕਿਸਮ ਦੀ ਵੀ ਗੁਰਮਤਿ ਵਿਧਾਨ ਅਨੁਸਾਰ ਹੋ ਸਕਦੀ ਹੈ। ਜੇਕਰ ਇਸ ਪੱਖ ਤੋਂ ਦੇਖੀਏ ਤਾਂ ਮਸੰਦਾਂ ਨੂੰ ਪੰਥ ’ਚੋਂ ਛੇਕਣ, ਗੁਰੂ ਗੋਬਿੰਦ ਸਿੰਘ ਵੱਲੋਂ ਮੋਹਰਾਂ ਭੇਟ ਕਰਨ, ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ, ਕਰਤਾਰ ਸਿੰਘ ਬੇਦੀ ਨੂੰ 1924 ਈ: ਵਿਚ ਸ੍ਰੀ ਅੰਮ੍ਰਿਤਸਰ ਤੋਂ ਨੰਗੇ ਪੈਰੀਂ ਚੱਲ ਕੇ ‘ਨਨਕਾਣਾ ਸਾਹਿਬ’ ਜਾਣ ਅਤੇ 10,000/- ਰੁਪਏ ਪੰਥਕ ਕਾਰਜਾਂ ਲਈ ਦੇਣ ਅਤੇ ਪੰਜ ਅਖੰਡ ਪਾਠ ਕਰਾਉਣ ਵਰਗੀ ਤਨਖ਼ਾਹ ਵੀ ਹੋ ਸਕਦੀ ਹੈ।

ਵਰਤਮਾਨ ਸਮੇਂ ਵੀ ਅਸੀਂ ਦੇਖਿਆ ਹੈ ਕਿ ਸ੍ਰ: ਸੁਰਜੀਤ ਸਿੰਘ ਬਰਨਾਲਾ, ਸ੍ਰ: ਬੂਟਾ ਸਿੰਘ ਨੂੰ ਕਾਫ਼ੀ ਲੰਮੀ ਧਾਰਮਿਕ ਤਨਖ਼ਾਹ ਤੇ ਗਲ ਵਿਚ ਭੁੱਲ ਦਾ ਅਹਿਸਾਸ ਕਰਵਾਉਣ ਲਈ ‘ਤਖ਼ਤੀ’ ਪਾਈ ਗਈ। ਸ੍ਰ: ਅਵਤਾਰ ਸਿੰਘ ਹਿਤ ਨੂੰ ਪੰਥਕ ਕਾਰਜ ਲਈ ਤਿੰਨ ਥਾਵਾਂ ’ਤੇ ਇਕੱਤੀ ਇਕੱਤੀ ਹਜ਼ਾਰ ਰੁਪਏ ਮਾਇਆ ਜਮ੍ਹਾਂ ਕਰਾਉਣ ਤੇ ਹੋਰ ਅਨੇਕਾਂ ਨੂੰ ਲੰਗਰ ਦੇ ਭਾਂਡੇ ਮਾਂਜਣ, ਸੰਗਤਾਂ ਦੇ ਜੋੜੇ ਝਾੜਨ, ਬਾਣੀ ਦਾ ਪਾਠ ਕਰਨ, ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਸਾਫ਼ ਕਰਨ ਸੰਬੰਧੀ ਤਨਖ਼ਾਹਾਂ ਲੱਗੀਆਂ। ਯਤਨ ਕੀਤਾ ਹੈ ਕਿ ਅਜਿਹੇ ਸਾਰੇ ਫ਼ੈਸਲੇ ਇਸ ਵਿਚ ਸ਼ਾਮਲ ਹੋ ਸਕਣ ਤਾਂ ਜੋ ਗੁਰਸਿੱਖ ਇਨ੍ਹਾਂ ਫ਼ੈਸਲਿਆਂ ਤੋਂ ਪ੍ਰੇਰਣਾ ਉਤਸ਼ਾਹ ਪ੍ਰਾਪਤ ਕਰ, ਗੁਰਸਿੱਖੀ ਜੀਵਨ ਜੀਉਣ ਤੇ ‘ਗੁਰੂ-ਪੰਥ’ ਦਾ ਪੰਥਕ ਨਾਹਰਾ ਸਾਕਾਰ ਕਰ ਸਕਣ :

ਸ੍ਰੀ ਅਕਾਲ ਪੁਰਖ ਕੇ ਬਚਮ ਸਿੳਂੁ, ਪ੍ਰਗਟਿਓ ਪੰਥ ਮਹਾਨ।
‘ਗੁਰੂ-ਪੰਥ’ ਗੁਰੂ ਮਾਂਨੀਏ, ਤਾਰੇ ਸਕਲ ਕੁਲਾਨ।12
(1) ਭਾਈ ਕਾਨ੍ਹ ਸਿੰਘ ਨਾਭਾ, ਗੁਰਮਤਿ ਮਾਰਤੰਡ, ਪੰਨਾ 542. (2) ਉਹੀ, ਮਹਾਨ ਕੋਸ਼, ਪੰਨਾ 420. (3) ਸਿੱਖ ਰਹਿਤ ਮਰਿਆਦਾ, ਪੰਨਾ 31. (4) ਉਹੀ, ਪੰਨੇ 31-32. (5) ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ ਜੀ, ਗੁਰਮਤਿ ਪ੍ਰਕਾਸ਼, ਮਾਰਚ 1994, ਪੰਨਾ 15. (6) ਢਾ: ਗੰਡਾ ਸਿੰਘ, ਹੁਕਮਨਾਮੇ, ਪੰਨਾ 176. (7) ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ 628. (8) ਪਿਆਰਾ ਸਿੰਘ ਪਦਮ, ਪ੍ਰਚੀਨ ਸੌ ਸਾਖੀ, ਪੰਨੇ 229-30. (9) ਡਾ: ਜੀਤ ਸਿੰਘ ਸੀਤਲ, (ਸੰਪਾ.) ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ 284. (10) ਡਾ: ਗੰਡਾ ਸਿੰਘ ਤੇਜਾ ਸਿੰਘ, ਸਿੱਖ ਇਤਿਹਾਸ, ਪੰਨੇ 159-60. (11) ਡਾ: ਜੀਤ ਸਿੰਘ ਸੀਤਲ, (ਸੰਪਾ.) ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ 284. (12) ਪ੍ਰੋ: ਪਿਆਰਾ ਸਿੰਘ ਪਦਮ, ਰਹਿਤਨਾਮੇ, ਪੰਨਾ 73. ਪੁਸਤਕ ‘ਹੁਕਮਨਾਮੇ ਆਦੇਸ਼ ਸੰਦੇਸ਼… ਸ੍ਰੀ ਅਕਾਲ ਤਖ਼ਤ ਸਾਹਿਬ’ ਵਿਚੋਂ ਧੰਨਵਾਦਿ ਸਹਿਤ।