ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ)

ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਘੇਰੇ, ਚਮਕੌਰ ਸਾਹਿਬ ਤੇ ਮੁਕਤਸਰ ਸਾਹਿਬ ਦੇ ਇਤਿਹਾਸਕ ਯੁੱਧ ਉਪਰੰਤ ਤਲਵੰਡੀ ਸਾਬੋ ਦੀ ਧਰਤੀ ਨੂੰ ਪਹਿਲੀ ਵਾਰ ਜਨਵਰੀ, 1706 ਈ. ‘ਚ ਆਪਣੀ ਮੁਬਾਰਕ ਚਰਨ-ਛੋਹ ਬਖਸ਼ਿਸ਼ ਕਰ, ਪਵਿੱਤਰਤਾ ਤੇ ਇਤਿਹਾਸਕਤਾ ਪ੍ਰਦਾਨ ਕੀਤੀ । ਗੁਰਦੇਵ ਪਿਤਾ ਨੇ ਜਿਸ ਜਗ੍ਹਾ ਕਮਰਕੱਸਾ ਖੋਲ੍ਹ ‘ਦਮ’ ਲਿਆ, ਉਹ ਧਰਤ ਸੁਹਾਵੀ, ਅਗੰਮੀ ਛੋਹ ਪ੍ਰਾਪਤ ਕਰ, ਗੁਰੂ ਕਾਸ਼ੀ, ‘ਤਖ਼ਤ ਸ੍ਰੀ ਦਮਦਮਾ ਸਾਹਿਬ’ ਦੇ ਨਾਮ ਨਾਲ ਵਿਸ਼ਵ ਪ੍ਰਸਿੱਧ ਹੋਈ । ਇਸ ਪਵਿੱਤਰ ਧਰਤੀ ‘ਤੇ ਗੁਰੂ ਜੀ ਨੌਂ ਮਹੀਨੇ ਤੋਂ ਵਧੇਰੇ ਸਮੇਂ ਲਈ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਰੁਕੇ ਤੇ ਅਨੇਕਾਂ ਧਾਰਮਕ-ਇਤਿਹਾਸਕ ਕਾਰਜਾਂ ਨੂੰ ਸੰਪੂਰਨ ਕੀਤਾ ।

ਇਸ ਪਾਵਨ ਅਸਥਾਨ ‘ਤੇ ਭਾਈ ਡੱਲਾ ਜੋ ਇਲਾਕੇ ਦਾ ਚੌਧਰੀ ਸੀ, ‘ਅੰਮ੍ਰਿਤ’ ਦੀ ਬਖ਼ਸ਼ਿਸ਼ ਪ੍ਰਾਪਤ ਕਰ ‘ਸਿੰਘ’ ਸਜਿਆ । ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਦੇ ਸਿੱਖੀ ਸਿਦਕ ਭਰੋਸੇ ਦੀ ਪ੍ਰੀਖਿਆ ਵੀ ਗੁਰਦੇਵ ਨੇ ਇਥੇ ਹੀ ਲਈ । ਗੁਰੂ ਕਿਰਪਾ ਸਦਕਾ ਉਹ ਸਫ਼ਲ ਹੋਏ ।

ਇਸ ਪਾਵਨ ਧਰਤੀ ‘ਤੇ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਚ ਗੁਰੂ-ਪਿਤਾ, ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਬਾਣੀ ਦਰਜ ਕਰਵਾਈ ਤੇ ਪਾਵਨ ਸਰੂਪ ਸੰਪੂਰਨ ਹੋਣ ‘ਤੇ ਦਮਦਮੀ ਸਰੂਪ ਸਦਵਾਇਆ ।

ਮਿਸਲ ਸ਼ਹੀਦਾਂ ਦੇ ਸਰਦਾਰ, ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਦੇਖ-ਰੇਖ ਹੇਠ ਗੁਰਬਾਣੀ ਪੜ੍ਹਨ-ਪੜ੍ਹਾਉਣ, ਲਿਖਣ-ਲਿਖਵਾਉਣ ਅਤੇ ਅਰਥ-ਸੰਚਾਰ ਲਈ ਟਕਸਾਲ ਵੀ ਇਥੇ ਸ਼ੁਰੂ ਹੋਈ ਜੋ ਦਮਦਮੀ ਟਕਸਾਲ ਦੇ ਨਾਂ ‘ਤੇ ਅੱਜ ਵੀ ਪ੍ਰਸਿੱਧ ਹੈ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਭਾਈ ਮਨੀ ਸਿੰਘ ਜੀ ਦੇ ਸਾਥ ਦਿੱਲੀ ਤੋਂ ਇਥੇ ਪਹੁੰਚੀਆਂ ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਹਜ਼ੂਰ ਸਾਹਿਬ ਨੂੰ ਇਥੋਂ ਚਾਲੇ ਪਾਏ ਤਾਂ ਇਸ ਧਾਰਮਕ ਅਸਥਾਨ ਦਾ ਮੁੱਖ ਪ੍ਰਬੰਧਕ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ । ਬਾਬਾ ਦੀਪ ਸਿੰਘ ਜੀ ਬਹੁਤ ਸਮਾਂ ਇਸ ਅਸਥਾਨ ਦੀ ਸੇਵਾ ਵਿਚ ਹਾਜ਼ਰ ਰਹੇ । ਇਸ ਸਮੇਂ ਦੌਰਾਨ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਬਹੁਤ ਸਾਰੇ ਉਤਾਰੇ ਆਪਣੀ ਦੇਖ-ਰੇਖ ਹੇਠ ਕੀਤੇ/ਕਰਵਾਏ। ਦਮਦਮਾ ਸਾਹਿਬ ਸਿੱਖ ਲਿਖਾਰੀਆਂ ਤੇ ਗਿਆਨੀਆਂ ਦੀ ਟਕਸਾਲ ਵਜੋਂ ਪ੍ਰਸਿੱਧ ਹੋਇਆ ।

ਇਸ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਨੂੰ ਸਿੱਖਾਂ ਦਾ ਪੰਜਵਾਂ ਤਖ਼ਤ ਹੋਣ ਦਾ ਮਾਣ ਸਤਕਾਰ ਹਾਸਲ ਹੈ । ਤਖ਼ਤ ਸਾਹਿਬ ਦੀ ਮੌਜੂਦਾ ਆਲੀਸ਼ਾਨ ਇਮਾਰਤ ਦਾ ਨਿਰਮਾਣ 1965-66 ਈ. ਵਿਚ ਹੋਇਆ। ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਪਾਸ 1960 ਵਿਚ ਆਇਆ । ਮੌਜੂਦਾ ਸਮੇਂ ਸਿੰਘ ਸਾਹਿਬ, ਗਿਆਨੀ ਕੇਵਲ ਸਿੰਘ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਹਨ । ਤਖ਼ਤ ਸਾਹਿਬ ‘ਤੇ ਸਵੇਰੇ-ਸ਼ਾਮ ਨਿਮਨਲਿਖਤ ਇਤਿਹਾਸਕ ਵਸਤਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਜਾਂਦੇ ਹਨ :

1. ਸ੍ਰੀ ਸਾਹਿਬ ਪਾਤਸ਼ਾਹੀ ਨੌਵੀਂ 2. ਨਿਸ਼ਾਨੇ ਵਾਲੀ ਬੰਦੂਕ 3. ਤੇਗਾ ਬਾਬਾ ਦੀਪ ਸਿੰਘ ਜੀ ਆਦਿ।

ਇਸ ਪਾਵਨ ਇਤਿਹਾਸਕ ਅਸਥਾਨ ਦੇ ਨਾਲ ਨਿਮਨਲਿਖਤ ਇਤਿਹਾਸਕ ਅਸਥਾਨ ਦਰਸ਼ਨ ਕਰਨ ਯੋਗ ਹਨ :

1. ਗੁਰਦੁਆਰਾ ਲਿਖਣ ਸਰ 2. ਗੁਰਦੁਆਰਾ ਗੁਰੂਸਰ 3. ਗੁਰਦੁਆਰਾ ਜੰਡਸਰ 4. ਗੁਰਦੁਆਰਾ ਮਹੱਲ ਸਰ 5. ਗੁਰਦੁਆਰਾ ਨਾਨਕਸਰ 6. ਬੁਰਜ ਬਾਬਾ ਦੀਪ ਸਿੰਘ 7. ਗੁਰਦੁਆਰਾ ਬਾਬਾ ਬੀਰ ਸਿੰਘ-ਧੀਰ ਸਿੰਘ 8. ਗੁਰਦੁਆਰਾ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਆਦਿ ।

ਇਹ ਪਵਿੱਤਰ ਅਸਥਾਨ ਰੇਲਵੇ ਸਟੇਸ਼ਨ ਬਠਿੰਡਾ ਤੋਂ 30 ਕਿਲੋਮੀਟਰ, ਰਾਮਾ ਮੰਡੀ ਤੋਂ 10 ਕਿਲੋਮੀਟਰ, ਮੌੜ ਮੰਡੀ ਤੋਂ 21 ਕਿਲੋਮੀਟਰ ਤੇ ਬੱਸ ਸਟੈਂਡ ਤਲਵੰਡੀ ਸਾਬੋ ਤੋਂ ਕੇਵਲ 400 ਮੀਟਰ ਦੀ ਦੂਰੀ ‘ਤੇ ਸੁਭਾਇਮਾਨ ਹੈ ।

ਯਾਤਰੂਆਂ ਦੀ ਰਿਹਾਇਸ਼ ਤੇ ਲੰਗਰ-ਪ੍ਰਸ਼ਾਦਿ ਦਾ ਬਹੁਤ ਵਧੀਆ ਪ੍ਰਬੰਧ ਹੈ । ਰਿਹਾਇਸ਼ ਵਾਸਤੇ 26 ਕਮਰੇ ਤੇ 6 ਹਾਲ ਕਮਰੇ ਬਾਥਰੂਮ ਸਮੇਤ ਬਣੇ ਹੋਏ ਹਨ । ਦਵਾ-ਦਾਰੂ ਵਾਸਤੇ ਡਿਸਪੈਂਸਰੀ ਹੈ । ਗੁਰਮਤਿ ਗਿਆਨ ਪ੍ਰਚਾਰ-ਪ੍ਰਸਾਰ ਲਈ ਗੁਰਮਤਿ ਲਿਟਰੇਚਰ ਹਾਊਸ ਵੀ ਹੈ।

ਆਦਿ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ, ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਤੇ ਖਾਲਸੇ ਦਾ ਸਿਰਜਣਾ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ । ਹਜ਼ਾਰਾਂ ਸ਼ਰਧਾਲੂ ਇਸ ਪਾਵਨ-ਪਵਿੱਤਰ ਧਰਤੀ ਦੀ ਚਰਨ-ਧੂੜ ਪਰਸਣ ਲਈ ਰੋਜ਼ਾਨਾ ਆਉਂਦੇ ਹਨ । ਵਧੇਰੇ ਜਾਣਕਾਰੀ ਲਈ 01655-20036, 20236 ਫੋਨ ਨੰਬਰਾਂ ਦੀ ਸਹੂਲਤ ਪ੍ਰਾਪਤ ਹੈ।

 

 

Gurdwara Text Courtesy :- Dr. Roop Singh, Secretary S.G.P.C.

...

Giani Harpreet Singh Ji

Jathedar  Takhat Sri Damdama Sahib, Talwandi sabo, Bathinda