ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੂਰੇ ਜਾਹੋ ਜਲਾਲ ਨਾਲ ਗੁਰਦੁਆਰਾ ਸਾਹਿਬ ਪਾ: ਪਹਿਲੀ ਤੇ ਦਸਵੀਂ ਕਪਾਲ ਮੋਚਨ ਤੋਂ ਅਗਲੇ ਪੜਾਅ ਲਈ ਰਵਾਨਾ

ਅੰਮ੍ਰਿਤਸਰ : 23 ਦਸੰਬਰ (       ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ-ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਚੌਥੇ ਦਿਨ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਕਪਾਲ ਮੋਚਨ ਯਮੁਨਾ ਨਗਰ (ਹਰਿਆਣਾ) ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਗੁਰਦੁਆਰਾ ਸਾਹਿਬ ਕਪਾਲ ਮੋਚਨ ਦੇ ਮ੍ਰੁੱਖ ਗ੍ਰੰਥੀ ਗਿਆਨੀ ਜਸਪਾਲ ਸਿੰਘ ਨੇ ਕੀਤੀ ਉਪਰੰਤ ਪਵਿੱਤਰ ਹੁਕਮਨਾਮਾ ਲਿਆ। ਸਤਿਨਾਮੁ ਵਾਹਿਗਰੂ ਦਾ ਜਾਪੁ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਬਲਦੇਵ ਸਿੰਘ ਕਾਇਮਪੁਰੀ ਨੇ ਸਿਰੋਪਾਓ ਦੇ ਕੇ ਦਸਮੇਸ਼ ਪਿਤਾ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਲਈ ਜੈਕਾਰਿਆਂ ਦੀ ਗੂੰਝ ਨਾਲ ਰਵਾਨਾ ਕੀਤਾ।

unnamedਇਸ ਮੌਕੇ ‘ਤੇ ਸ੍ਰ: ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਰਬੰਸ ਦਾਨੀ, ਮਰਦ ਅਗੰਮੜਾ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਸਨ। ਉਹ ਅਨੁਭਵੀ ਦਿਬ-ਦ੍ਰਿਸ਼ਟੀ ਵਾਲੇ ਧਾਰਮਿਕ ਨੇਤਾ, ਕਲਿਆਣਕਾਰੀ ਸੋਚ ਵਾਲੇ ਸਮਾਜਿਕ ਆਗੂ, ਨਿਧੜਕ ਸੂਰਮੇ ਤੇ ਜਰਨੈਲ ਹੋਣ ਦੇ ਨਾਲ-ਨਾਲ ਵਿਦਵਾਨ-ਸਾਹਿਤਕਾਰ ਵੀ ਸਨ। ਉਨ੍ਹਾਂ ਦਾ ਜੀਵਨ-ਮਨੋਰਥ ਦੁਸ਼ਟਾਂ-ਦੋਖੀਆਂ ਨੂੰ ਪਛਾੜ ਕੇ ਧਰਮ ਦੀ ਸਥਾਪਨਾ ਕਰਨਾ ਸੀ। ਉਹ ਅਕਾਲ ਪੁਰਖ ਦੇ ਹੁਕਮ ਅਧੀਨ ਸ੍ਰਿਸ਼ਟੀ ਦਾ ਪਾਰ ਉਤਾਰਾ ਕਰਨ ਵਾਸਤੇ ਇਸ ਦੁਨੀਆਂ ਉਤੇ ਪ੍ਰਗਟ ਹੋਏ ਸਨ। ਉਹ ਇਕ ਮਹਾਨ ਸੂਰਬੀਰ ਯੋਧਾ, ਮਰਦ ਅਗੰਮੜਾ, ਬਾਦਸ਼ਾਹ-ਦਰਵੇਸ਼ ਹੋਣ ਦੇ ਨਾਲ-ਨਾਲ ਸ਼ਾਇਰਾਨਾ ਤਬੀਅਤ ਅਤੇ ਸਾਹਿਤਕ ਰੁਚੀਆਂ ਵਾਲੇ ਵੀ ਸਨ। ਬੋਲੀ ,ਤੇ ਕਾਬੂ ਅਤੇ ਸੁਚੱਜੀ ਸ਼ੈਲੀ ਕਾਰਣ ਉਨ੍ਹਾਂ ਦੀ ਰਚਨਾ ਬਹੁਤ ਪ੍ਰਭਾਵਸ਼ਾਲੀ ਸੀ। ਬਾਬੇ ਨਾਨਕ ਦੇ ਲਾਏ ਸਿੱਖੀ ਦੇ ਬੂਟੇ ਨੂੰ ਉਨ੍ਹਾਂ ਸ਼ਹੀਦਾਂ ਦੇ ਖੂਨ ਨਾਲ ਸਿੰਜ ਕੇ ਪ੍ਰਫੁੱਲਤ ਕੀਤਾ ਤੇ ਧਰਮ ਦੀ ਖਾਤਰ ਸਰਬੰਸ ਵਾਰ ਕੇ ਅਦੁੱਤੀ ਕੁਰਬਾਨੀ ਦੀ ਅਨੋਖੀ ਤੇ ਵਿਲੱਖਣ ਮਿਸਾਲ ਕਾਇਮ ਕੀਤੀ। ਉਨ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦਸਮੇਸ਼ ਪਿਤਾ ਦੇ ੩੫੦ ਸਾਲਾ ਜਨਮ ਦਿਹਾੜੇ ‘ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਗੁਰੂ ਵਾਲੇ ਬਨਣ ਲਈ ਅਪੀਲ ਕੀਤੀ ।

unnamed-1ਫੁੱਲਾਂ ਨਾਲ ਸਜ਼ੀ ਪਾਲਕੀ ਸਾਹਿਬ ਵਾਲੀ ਗੱਡੀ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਤੇ ਪਿੱਛੇ-ਪਿੱਛੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ-ਬਸਤਰਾਂ ਵਾਲੀ ਗੱਡੀ ਜਾ ਰਹੀ ਸੀ। ਜਿਸ ਵਿੱਚ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ ਅਤੇ ਹੱਥ ਲਿਖਤ ਪੋਥੀ ਸੁਸ਼ੋਭਿਤ ਸੀ। ਨਗਰ-ਕੀਰਤਨ ਦੀ ਅਰੰਭਤਾ ਤੋਂ ਪਹਿਲਾਂ ਬੈਂਡ ਵਾਜਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ। ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਿਕ ਹੋ ਕੇ ਅਤੇ ਸ਼ਸਤਰਾਂ-ਬਸਤਰਾਂ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋ ਰਹੀਆਂ ਸਨ। ਨਗਰ ਕੀਰਤਨ ਦੇ ਅੱਗੇ-ਅੱਗੇ ਨਗਾਰਚੀ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਨਗਾਰਾ ਵਜਾ ਰਹੇ ਸਨ। ਨਗਰ ਕੀਰਤਨ ‘ਚ ਧਾਰਮਿਕ ਸਭਾ ਸੁਸਾਇਟੀਆਂ, ਗੱਤਕਾ ਪਾਰਟੀਆਂ, ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਪਾਲ ਮੋਚਨ, ਯਮੁਨਾ ਨਗਰ ਦੀਆਂ ਵਿਦਿਆਰਥਣਾ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਨੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਹੋਇਆਂ ਸ਼ਮੂਲੀਅਤ ਕੀਤੀ।

ਸ੍ਰ: ਬਲਦੇਵ ਸਿੰਘ ਕਾਇਮਪੁਰ ਸੀਨੀਆ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਨਗਰ-ਕੀਰਤਨ ਵਿੱਚ ਹਾਜ਼ਰ ਤੇ ਕੱਲ੍ਹ ਸਾਰਾ ਦਿਨ ਤੋਂ ਸੰਗਤਾਂ ਦੀ ਸ਼ਰਧਾ ਪੂਰਵਕ ਸੇਵਾ ਕਰ ਰਹੇ ਬਾਬਾ ਸੁੱਖਾ ਸਿੰਘ ਜੀ ਕਾਰਸੇਵਾ ਵਾਲੇ, ਸ੍ਰ:ਬਖਸ਼ੀਸ਼ ਸਿੰਘ ਮੁੱਖ ਪਾਰਲੀਮਾਨੀ ਸਕੱਤਰ, ਬੀਬੀ ਮਨਜੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਚਾਨਣ ਸਿੰਘ ਮੀਤ ਮੱਤਰ, ਸ੍ਰ: ਲਖਬੀਰ ਸਿੰਘ ਵਧੀਕ ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਤੇਜਿੰਦਰ ਸਿੰਘ ਪੱਡਾ, ਸ੍ਰ: ਸਤਨਾਮ ਸਿੰਘ ਇੰਚਾਰਜ, ਸ੍ਰ: ਮੰਗਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਹਰਿਆਣਾ ਅਤੇ ਹੋਰ ਅਧਿਕਾਰੀਆਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ੩੧ ਦਸੰਬਰ ਨੂੰ ਪਹੁੰਚਕੇ ਦਸਮ ਪਿਤਾ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮਾ ਵਿੱਚ ਸ਼ਮੂਲੀਅਤ ਕਰੇਗਾ। ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਕਪਾਲ ਮੋਚਨ ਯਮੁਨਾ ਨਗਰ, ਹਰਿਆਣਾ ਤੋਂ ਨਗਰ-ਕੀਰਤਨ ਰਵਾਨਾ ਹੋ ਕੇ ਜਗਾਧਰੀ, ਯਮੁਨਾ ਨਗਰ, ਸਿਰਸਾਵਾਂ, ਸਹਾਰਨਪੁਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਨਾਨਕਪੁਰਾ ਆਸ਼ਰਮ ਹਰਿਦੁਆਰ (ਉੱਤਰਾਖੰਡ) ਵਿਖੇ ਹੋਵੇਗਾ। ਅੱਜ ੨੪ ਦਸੰਬਰ ਨੂੰ ਹਰਿਦੁਆਰ ਉੱਤਰਾਖੰਡ ਤੋਂ ਰਵਾਨਾ ਹੋ ਕੇ ਨਜ਼ੀਬਾਬਾਦ, ਕੋਤਵਾਲੀ, ਜੱਸਪੁਰ, ਨਗੀਨਾ, ਧਾਮਪੁਰ, ਅਫ਼ਜ਼ਲਗੜ੍ਹ ਤੇ ਕਾਸ਼ੀਪੁਰ ਤੋ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਨਾਨਕ ਮਤਾ ਸਾਹਿਬ, ਜ਼ਿਲ੍ਹਾ ਊਧਮਪੁਰ ਉੱਤਰਾਖੰਡ ਵਿਖੇ ਹੋਵੇਗਾ।

ਇਸ ਮੌਕੇ ਸ੍ਰ: ਪਰਮਜੀਤ ਸਿੰਘ ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, (ਹਰਿਆਣਾ), ਸ੍ਰ: ਜਰਨੈਲ ਸਿੰਘ ਡੀਂਗਰਾ ਮੈਨੇਜਰ ਗੁਰਦੁਆਰਾ ਪੰਚਕੂਲਾ, ਹਰਿਆਣਾ, ਸ੍ਰ: ਸੁਖਦੇਵ ਸਿੰਘ ਮੈਨੇਜਰ, ਸ੍ਰ: ਨਰਿੰਦਰਜੀਤ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਕਪਾਲ ਮੋਚਨ, ਸ੍ਰ: ਪਰਮਜੀਤ ਸਿੰਘ ਇੰਚਾਰਜ ਸਬ-ਆਫ਼ਿਸ, ਕੁਰਕੂਸ਼ੇਤਰ, ਹਰਿਆਣਾ, ਬਾਬਾ ਅਜੀਤ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਟਰੱਸਟ, ਬਾਬਾ ਹਰੀ ਸਿੰਘ ਟਾਹਲੀ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਸਟਾਫ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।