ਸ਼੍ਰੋਮਣੀ ਕਮੇਟੀ ਗੁਰਮੇਹਰ ਕੌਰ ਦੇ ਨਾਲ ਖੜ੍ਹੀ ਹੈ
ਅੰਮ੍ਰਿਤਸਰ, 01 ਮਾਰਚ – ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੂੰ ਏ.ਬੀ.ਵੀ.ਪੀ. ਵੱਲੋਂ ਮਨੁੱਖਤਾ ਵਿਰੋਧੀ ਸੋਚ ਦਾ ਪ੍ਰਗਟਾਵਾ ਕਰਦਿਆਂ ਦਿੱਤੀਆਂ ਧਮਕੀਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਭਾਰਤ ਅੰਦਰ ਵੱਸਦੇ ਹਰ ਧਰਮ ਦੇ ਬਾਸ਼ਿੰਦਿਆਂ ਦੀ ਆਜ਼ਾਦੀ ਦਾ ਅਧਿਕਾਰ ਸੁਰੱਖਿਅਤ ਰਹਿਣਾ ਚਾਹੀਦਾ ਹੈ ਖਾਸਕਰ ਲੜਕੀਆਂ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਿਰਫਿਰੇ ਲੋਕਾਂ ਨੂੰ ਮਨੁੱਖਤਾ ਵਿਰੋਧੀ ਕਾਰਵਾਈਆਂ ਲਈ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰਮੇਹਰ ਕੌਰ ਨੂੰ ਮੰਦਭਾਸ਼ੀ ਧਮਕੀ ਦੇਣ ਵਾਲਿਆਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਨੂੰ ਤੁਰੰਤ ਅਮਲ ਵਿਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਮਨੁੱਖੀ ਆਜ਼ਾਦੀ ਸੁਰੱਖਿਅਤ ਰਹਿ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰਵਾਦ ਦੇ ਨਾਂ ‘ਤੇ ਧਮਕੀਆਂ ਅਤੇ ਗੁੰਡਾਗਰਦੀ ਦਾ ਚਲਨ ਦੇਸ਼ ਲਈ ਵੱਡੀ ਚੁਣੌਤੀ ਹੈ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਨਾਲ ਅਜਿਹੀ ਦੁਖਦਾਈ ਘਟਨਾ ਵਾਪਰਨਾ ਦੇਸ਼ ਲਈ ਸ਼ਹਾਦਤਾਂ ਦੇਣ ਵਾਲਿਆਂ ਦਾ ਵੱਡਾ ਅਪਮਾਨ ਹੈ ਅਤੇ ਦੇਸ਼ ਵਿਚ ਮਨੁੱਖੀ ਅਧਿਕਾਰਾਂ ਅਤੇ ਲੜਕੀਆਂ ਦੀ ਸੁਰੱਖਿਆ ‘ਤੇ ਸਵਾਲ੍ਹੀਆਂ ਚਿੰਨ ਹੈ। ਉਨ੍ਹਾਂ ਬੇਟੀ ਗੁਰਮੇਹਰ ਕੌਰ ਦੇ ਨਾਲ ਖੜ੍ਹਨ ਦੀ ਗੱਲ ਕਰਦਿਆਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਦੂਸ਼ਿਤ ਵਰਤਾਰੇ ਦੇ ਵਿਰੁੱਧ ਡੱਟਦੀ ਰਹੀ ਹੈ ਅਤੇ ਹੁਣ ਵੀ ਪੰਜਾਬ ਦੀ ਬੇਟੀ ਨਾਲ ਹਰ ਤਰ੍ਹਾਂ ਖੜ੍ਹਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਅਧਿਕਾਰੀ ਬੀਬਾ ਗੁਰਮੇਹਰ ਕੌਰ ਨੂੰ ਮਿਲ ਕੇ ਉਸ ਦੀ ਸੁਰੱਖਿਆ ਲਈ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ।