ਅੰਮ੍ਰਿਤਸਰ 22 ਨਵੰਬਰ ( ) – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਧਾਰਮਿਕ ਪ੍ਰੀਖਿਆ ਲਈ ਦਾਖਲਾ ਫਾਰਮ ਭਰਨ ਦੀ ਅੰਤਿਮ ਤਾਰੀਖ ੧੫ ਦਸੰਬਰ ੨੦੧੬ ਹੋਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕਰਦਿਆਂ ਕਿਹਾ ਕਿ ਹਰ ਸਾਲ ਸਕੂਲਾਂ/ਕਾਲਜਾਂ ਵਿਖੇ ਪੜ੍ਹਦੇ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਸਿੱਖ ਧਰਮ ਨਾਲ ਜੋੜਨ ਲਈ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਵਿੱਚ ਦਰਜਾ ਤੀਜਾ ਲਈ ਟੀ.ਡੀ.ਸੀ. ਭਾਗ ਪਹਿਲਾ ਤੋਂ ਟੀ.ਡੀ.ਸੀ. ਭਾਗ ਤੀਜਾ ਤੱਕ ਜਾਂ ਗ੍ਰੈਜੂਏਸ਼ਨ ਕਲਾਸਾਂ ਤੱਕ ਅਤੇ ਦਰਜਾ ਚੌਥਾ ਲਈ ਐਮ ਏ ਭਾਗ ਪਹਿਲਾ ਤੇ ਐਮ ਏ ਭਾਗ ਦੂਜਾ ਤੱਕ ਪੋਸਟ ਗ੍ਰੈਜੂਏਸ਼ਨ ਕਲਾਸਾਂ ਵਿੱਚ ਪੜ੍ਹ ਰਹੇ ਰੈਗੂਲਰ ਵਿਦਿਆਰਥੀ ਹਿੱਸਾ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿੱਚ ਧਾਰਮਿਕ ਪ੍ਰੀਖਿਆ ਮਿਤੀ ੨੩ ਅਤੇ ੨੪ ਜਨਵਰੀ ੨੦੧੭ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰੀਖਿਆ ਸਬੰਧੀ ਫਾਰਮ ਅਤੇ ਸਿਲੇਬਸ ਧਾਰਮਿਕ ਪ੍ਰੀਖਿਆ ਵਿਭਾਗ ਵਿਚੋਂ ਮੁਫਤ ਦਿੱਤੇ ਜਾਂਦੇ ਹਨ ਅਤੇ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੋਂ ਡਾਊਨ ਲੋਡ ਵੀ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ੭੦ ਫੀਸਦੀ ਅਤੇ ਇਸ ਤੋਂ ਉਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ੩੧੦੦ ਅਤੇ ੪੧੦੦ ਰੁਪਏ ਵਜ਼ੀਫਾ ਅਤੇ ਇਨ੍ਹਾਂ ਦਰਜਿਆਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ੨੧੦੦, ੧੫੦੦ ਅਤੇ ੧੧੦੦ ਰੁਪਏ ਅਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦਿੱਤੇ ਜਾਣਗੇ।