ਅੰਮ੍ਰਿਤਸਰ, 25 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਸੰਗਤਾਂ ਅੰਦਰ ਸਿੱਖੀ ਸੰਸਕਾਰਾਂ ਦਾ ਸੰਚਾਰ ਕਰਨ ਲਈ ਸਲਾਨਾ ਧਾਰਮਿਕ ਪ੍ਰੀਖਿਆ ਅਤੇ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਕਰਵਾਇਆ ਜਾਂਦਾ ਹੈ। ਇਸ ਸਬੰਧ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਸਾਲ ੨੦੧੭-੧੮ ਵਿੱਚ ਪੂਰੇ ਭਾਰਤ ਵਿੱਚੋਂ ਇਨ੍ਹਾਂ ਪ੍ਰੀਖਿਆਵਾਂ ਲਈ ੫੦,੦੦੦ ਤੋਂ ਵੱਧ ਵਿਦਿਆਰਥੀਆਂ ਨੇ ਦਾਖ਼ਲਾ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਦੀ ਇਸ ਸਾਲ ਦੀ ਪ੍ਰੀਖਿਆ ੩ ਤੇ ੪ ਫਰਵਰੀ ਨੂੰ ਹੋਵੇਗੀ। ਇਸੇ ਤਰ੍ਹਾਂ ਕਾਲਜ ਪੱਧਰ ਦੇ ਵਿਦਿਆਰਥੀਆਂ ਦੀ ਤੀਜੇ ਅਤੇ ਚੌਥੇ ਦਰਜੇ ਦੀ ਧਾਰਮਿਕ ਪ੍ਰੀਖਿਆ ੭ ਤੇ ੮ ਫਰਵਰੀ ਨੂੰ ਹੋਵੇਗੀ। ਸ. ਜੌੜਾਸਿੰਘਾ ਨੇ ਦੱਸਿਆ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪ੍ਰੀਖਿਆਰਥੀਆਂ ਨੂੰ ਰੋਲ ਨੰਬਰ, ਡੇਟ-ਸ਼ੀਟ ਅਤੇ ਪ੍ਰੀਖਿਆ ਕੇਂਦਰਾਂ ਦਾ ਵੇਰਵਾ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਰੋਲ ਨੰਬਰ ਪ੍ਰਾਪਤ ਨਾ ਹੋਣ ਤਾਂ ਸਬੰਧਤ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਨਾਲ 0183-2553962, 0183-2553957, 0183-2553958 -ਐਕਸਟੈਨਸ਼ਨ 305-322 ‘ਤੇ ਸੰਪਰਕ ਕਰਨ।