ਅੰਮ੍ਰਿਤਸਰ 3 ਜੂਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਿਨਾ ਕਿਸੇ ਕਸੂਰ ਦੇ ਬੁਲਾਡੇਵਾਲਾ ਦੇ ਵਸਨੀਕ ਗੁਰਦੀਪ ਸਿੰਘ ਨਾਂ ਦੇ ਨਾਬਾਲਿਗ ਸਿੱਖ ਨੌਜਵਾਨ ਦੇ ਖ਼ਿਲਾਫ਼ ਸ਼ਰਾਰਤੀ ਅਨਸਰਾਂ ਦੇ ਇਸ਼ਾਰੇ ‘ਤੇ ਮੋਗਾ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ, ਵਧੀਕੀ ਦੇ ਖ਼ਿਲਾਫ਼ ਰਾਜ ਸਰਕਾਰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਦਮ ਚੁੱਕੇ।
ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਿਛਲੇ ਦਿਨੀਂ ਪੁਲਿਸ ਵੱਲੋਂ ਸ਼ਿਵਸੈਨੀਆਂ ਦੀ ਸ਼ਿਕਾਇਤ ‘ਤੇ ਮੋਗਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਨਾਬਾਲਿਗ ਸਿੱਖ ਨੋਜਵਾਨ ‘ਤੇ ਪਾਏ ਝੂਠੇ ਮੁਕੱਦਮੇ ਰੱਦ ਕਰਵਾਉਣ ਲਈ ਉਹ ਪੰਜਾਬ ਦੇ ਡੀ.ਜੀ.ਪੀ. ਨਾਲ ਗੱਲ ਕਰਕੇ ਪੁਲਿਸ ਵੱਲੋਂ ਸਿੱਖ ਨੌਜਵਾਨ ‘ਤੇ ਕੀਤੀ ਗਈ ਧੱਕੇਸ਼ਾਹੀ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਨਾਬਾਲਿਗ ਸਿੱਖ ਨੌਜਵਾਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ‘ਤੇ ਅਪਸ਼ਬਦ ਲਿਖਣ ਵਾਲੇ ਸ਼ਰਾਰਤੀ ਅਨਸਰਾਂ ਦਾ ਵਿਰੋਧ ਕੀਤਾ ਸੀ, ਜੋ ਕਿਸੇ ਵੀ ਤਰ੍ਹਾਂ ਗੁਨਾਹ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਥੇ ਸਮੂਹ ਸਿੱਖ ਸੰਗਤਾਂ ਬਹੁਤ ਹੀ ਸਤਿਕਾਰ ਨਾਲ ਆਪਣੇ ਸ਼ਹੀਦਾਂ ਦਾ ੬ ਜੂਨ ਘੱਲੂਘਾਰਾ ਦਿਵਸ ਮਨਾ ਰਹੀਆਂ ਹਨ ਉਥੇ ਸ਼ਰਾਰਤੀ ਅਨਸਰ ਕਿਸੇ ਨਾ ਕਿਸੇ ਬਹਾਨੇ ਸਿੱਖਾਂ ਨਾਲ ਵਿਰੋਧ ਦੀ ਭਾਵਨਾ ਨਾਲ ਇਹੋ ਜਿਹੀਆਂ ਨਾ-ਸਹਿਣਯੋਗ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਸਬੰਧੀ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਤੁਰੰਤ ਦਖ਼ਲ ਦੇ ਕੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਆਦੇਸ਼ ਦੇਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਇਸ ਮਾਮਲੇ ਵਿਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ਼ ਕਰਕੇ ਸਿੱਖ ਨੌਜਵਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ।