ਅੰਮ੍ਰਿਤਸਰ, 27 ਜੁਲਾਈ– ਨਿਊਜੀਲੈਂਡ ਵਿਖੇ ਕਿਰਪਾਨ ਪਹਿਨੀ ਹੋਣ ਕਰਕੇ ਇੱਕ ਸਿੱਖ ਨੂੰ ਬੱਸ ਵਿਚੋਂ ਉਤਾਰਨ ਦੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਮਾਮਲਾ ਮੌਕੇ ‘ਤੇ ਹੀ ਸ਼ਾਂਤ ਹੋ ਗਿਆ ਲੇਕਿਨ ਇਸ ਨਾਲ ਪ੍ਰਭਾਵਿਤ ਸਿੱਖ ਨੂੰ ਮਾਨਸਿਕ ਪੀੜਾ ਚੋਂ ਗੁਜਰਨਾ ਪਿਆ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਕੱਕਾਰਾਂ ਨੂੰ ਲੈ ਕੇ ਦੇਸ਼ ਵਿਦੇਸ਼ ਅੰਦਰ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕਿਰਪਾਨ ਸਮੇਤ ਕੱਕਾਰ ਅੰਮ੍ਰਿਤਧਾਰੀ ਸਿੱਖ ਦੀ ਰਹਿਣੀ ਦਾ ਹਿੱਸਾ ਹਨ ਜਿਸ ਨੂੰ ਉਹ ਸਦਾ ਅੰਗ ਸੰਗ ਰੱਖਦੇ ਹਨ। ਉਨ੍ਹਾਂ ਆਖਿਆ ਕਿ ਬੇਸ਼ੱਕ ਅਜਿਹੇ ਸੰਜੀਦਾ ਮਾਮਲਿਆਂ ‘ਤੇ ਸ਼੍ਰੋਮਣੀ ਕਮੇਟੀ ਸਮੇਤ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਵੱਲੋਂ ਵੱਡੀ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਅਜਿਹੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਭਾਰਤ ਸਰਕਾਰ ਨੁੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਲੈ ਕੇ ਵਿਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲ ਕਰੇ ਤਾਂ ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।