ਅੰਮ੍ਰਿਤਸਰ, 2 ਮਾਰਚ- ਨਿਊਯਾਰਕ (ਅਮਰੀਕਾ) ਤੋਂ ਪਹੁੰਚੇ ਇਕ ਵਫਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨਾਲ ਮੁਲਾਕਾਤ ਕਰਕੇ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਾਲਾਨਾ ਗੁਰਮਤਿ ਸਮਾਗਮ ਕਰਨ ਦੀ ਮੰਗ ਕੀਤੀ। ਇਸ ਵਫਦ ਵਿਚ ਸ. ਰਘਬੀਰ ਸਿੰਘ ਸੁਭਾਨਪੁਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਿਊਯਾਰਕ, ਸ. ਹਰਬਖਸ਼ ਸਿੰਘ ਟਾਹਲੀ ਸੰਪਾਦਕ ਸ਼ਾਨੇ-ਪੰਜਾਬ ਯੂ.ਐਸ.ਏ., ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ ਦੇ ਪ੍ਰਧਾਨ ਸ. ਹਿੰਮਤ ਸਿੰਘ ਤੇ ਵਾਈਸ ਪ੍ਰਧਾਨ ਸ. ਮਹਿੰਦਰ ਸਿੰਘ ਆਦਿ ਸ਼ਾਮਲ ਸਨ। ਵਫਦ ਦੇ ਮੈਂਬਰਾਂ ਨੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਕਿਹਾ ਕਿ ਨਿਊਯਾਰਕ ਵਿਚ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਯਾਦ ਵਿਚ ਪਿਛਲੇ ੮ ਸਾਲਾਂ ਤੋਂ ਹਰ ਸਾਲ ‘ਗੁਰੂ ਲਾਧੋ ਰੇ’ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ-ਘਰ ਦੇ ਸ਼ਰਧਾਲੂ ਬਾਬਾ ਮੱਖਣ ਸ਼ਾਹ ਜੀ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਗੁਰਮਤਿ ਸਮਾਗਮ ਕੀਤਾ ਜਾਣਾ ਚਾਹੀਦਾ ਹੈ। ਵਫਦ ਦੀ ਮੰਗ ‘ਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬਾਨ ਨਾਲ ਸਬੰਧਤ ਦਿਹਾੜਿਆਂ ਦੇ ਨਾਲ-ਨਾਲ ਭਗਤ ਸਾਹਿਬਾਨ ਅਤੇ ਗੁਰਸਿੱਖਾਂ ਦੇ ਦਿਹਾੜਿਆਂ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਮਰਦਾਨਾ ਜੀ ਅਤੇ ਅਕਾਲੀ ਕੌਰ ਸਿੰਘ ਜੀ ਦੀ ਯਾਦ ਵਿਚ ਦਿਹਾੜੇ ਮਨਾਉਣੇ ਆਰੰਭ ਕੀਤੇ ਗਏ ਹਨ। ਉਨ੍ਹਾਂ ਆਏ ਵਫਦ ਨੂੰ ਯਕੀਨ ਦਿਵਾਇਆ ਕਿ ਉਹ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਾਬਾ ਮੱਖਣ ਸ਼ਾਹ ਜੀ ਦੀ ਯਾਦ ਮਨਾਉਣ ਨੂੰ ਅਮਲ ਵਿਚ ਲਿਆਉਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਜਗਜੀਤ ਸਿੰਘ ਆਦਿ ਹਾਜ਼ਰ ਸਨ।