ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਿਕ ਹੋਣ ਤੇ ਕੀਤਾ ਸਨਮਾਨਿਤ
ਅੰਮ੍ਰਿਤਸਰ 26 ਨਵੰਬਰ ( ) ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਿਕ ਹੋਣ ਤੇ ਨਿੱਘਾ ਸਵਾਗਤ ਕੀਤਾ।ਸ੍ਰੀ ਮੋਦੀ ਨਾਲ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਵੀ ਨਤਮਸਤਿਕ ਹੋਏ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਤਖ਼ਤ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਮੱਥਾ ਟੇਕਿਆ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਲਈ।ਉਨ੍ਹਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਲੋਈ, ਸਿਰੋਪਾਓ, ਸ੍ਰੀ ਸਾਹਿਬ ਤੇ ਧਾਰਮਿਕ ਪੁਸਤਕਾਂ ਦਾ ਸੈਟ ਭੇਟ ਕੀਤਾ।
ਇਸ ਉਪਰੰਤ ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਈਆਂ।ਸਮਾਗਮ ਵਿੱਚ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਿੱਖੀ ਸਰੂਪ ਵਿੱਚ ਪਰਪੱਕ ਰਹਿਣ ਲਈ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਜਿਨ੍ਹਾਂ ਆਪਣਾ ਪਿਤਾ, ਆਪਣੀ ਮਾਤਾ ਤੇ ਫੇਰ ਆਪਣੇ ਲ਼ਖ਼ਤੇ ਜ਼ਿਗਰ ਚਾਰੋਂ ਲਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਭਰੀ ਕੁਰਬਾਨੀ ਦੇ ਕੇ ਸੰਤ ਤੇ ਸਿਪਾਹੀ ਦੀ ਵਿਲੱਖਣ ਉਦਾਹਰਣ ਕਾਇਮ ਕੀਤੀ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਂ ਜਾਤਾਂ ਦੇ ਪੰਜ ਸਿਰਲੱਥ ਯੋਧੇ ਲੈ ਕੇ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਫੇਰ ਆਪ ਉਨ੍ਹਾਂ ਤੋਂ ਅੰਮ੍ਰਿਤਪਾਨ ਕਰਕੇ ਆਪੇ ਗੁਰ ਚੇਲਾ ਦਾ ਉਪਦੇਸ਼ ਦਿੱਤਾ ਤੇ ਜਾਤ-ਪਾਤ ਦੇ ਭਰਮ-ਭੁਲੇਖਿਆਂ ਨੂੰ ਦੂਰ ਕੀਤਾ।ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਤੇ ਉਨ੍ਹਾਂ ਦੇ ਪ੍ਰੀਵਾਰ ਅਤੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਤੋਂ ਸਬਕ ਲੈ ਕੇ ਆਪਣੇ ਧਰਮ ਵਿੱਚ ਪ੍ਰਪੱਕ ਰਹਿੰਦੇ ਹੋਏ ਅੰਮ੍ਰਿਤਪਾਨ ਕਰਕੇ ਦਸਮ ਪਿਤਾ ਦੇ ਉਪਦੇਸ਼ਾਂ ‘ਤੇ ਚੱਲਣਾ ਚਾਹੀਦਾ ਹੈ।
ਇਸ ਸਮਾਗਮ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਇਲਾਵਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਵੀ ਸੰਬੋਧਨ ਕੀਤਾ।ਸਟੇਜ ਦਾ ਸੰਚਾਲਨ ਸਿੱਖਿਆ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ ਨੇ ਕੀਤਾ।
ਇਸ ਮੌਕੇ ਸ੍ਰ:ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਸ੍ਰ: ਅਵਤਾਰ ਸਿੰਘ ਸਕੱਤਰ, ਸ੍ਰ: ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਨਿੱਜੀ ਸਹਾਇਕ,ਸ੍ਰ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ੍ਰ: ਸਕੱਤਰ ਸਿੰਘ ਮੀਤ ਸਕੱਤਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।