ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਪ੍ਰਦਰਸ਼ਨੀ ਮੁਕਾਬਲੇ ‘ਚ ਬਾਬਾ ਬਿਧੀਚੰਦ ਗਤਕਾ ਅਖਾੜਾ ਰਿਹਾ ਜੇਤੂ

ਸ੍ਰੀ ਫ਼ਤਹਿਗੜ੍ਹ ਸਾਹਿਬ, ੧੪ ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਸਰਹਿੰਦ ਫ਼ਤਹਿ ਦਿਵਸ ਮੌਕੇ ਸਥਾਨਕ ਮਾਤਾ ਗੁਜਰੀ ਕਾਲਜ ਵਿਖੇ ਕਰਵਾਏ ਗਏ ੯ਵੇਂ ਅੰਤਰਰਾਸ਼ਟਰੀ ਗਤਕਾ ਮੁਕਾਬਲਿਆਂ ਦੌਰਾਨ ਫਾਈਟ ਮੁਕਾਬਲੇ ਵਿੱਚੋਂ ਸਿੰਘ ਵਾਰੀਅਰਜ਼ ਨੇ ਪਹਿਲਾ ਸਥਾਨ ਹਾਸਲ ਕਰਕੇ ੩੧ ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਫਾਈਟ ਵਿੱਚੋਂ ਦੂਸਰਾ ਸਥਾਨ ਖ਼ਾਲਸਾ ਵਾਰੀਅਰਜ਼ ਤੇ ਤੀਜਾ ਸਥਾਨ ਜੂਝਾਰ ਵਾਰੀਅਰਜ਼ ਨੇ ਹਾਸਲ ਕੀਤਾ, ਜਿਨ੍ਹਾਂ ਨੂੰ ਕ੍ਰਮਵਾਰ ੨੧ ਹਜ਼ਾਰ ਤੇ ੧੧ ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ। ਇਸੇ ਤਰ੍ਹਾਂ ਪ੍ਰਦਰਸ਼ਨੀ ਮੁਕਾਬਲੇ ਵਿੱਚ ਬਾਬਾ ਬਿਧੀ ਚੰਦ ਗਤਕਾ ਅਖਾੜਾ ਅੰਮ੍ਰਿਤਸਰ ਨੇ ਪਹਿਲਾ, ਨਿਰਵੈਰ ਖ਼ਾਲਸਾ ਗਤਕਾ ਅਖਾੜਾ ਰਾਜਪੁਰਾ ਨੇ ਦੂਜਾ ਅਤੇ ਜੈ ਤੇਗੰ ਗਤਕਾ ਅਖਾੜਾ ਅੰਮ੍ਰਿਤਸਰ ਤੇ ਤੀਸਰਾ ਸਥਾਨ ਹਾਸਲ ਕਰਕੇ ਕ੍ਰਮਵਾਰ ੨੧ ਹਜ਼ਾਰ, ੧੫ ਹਜ਼ਾਰ ਤੇ ੧੧ ਹਜ਼ਾਰ ਰੁਪਏ ਦੇ ਇਨਾਮ ਪ੍ਰਾਪਤ ਕੀਤੇ। ਦੱਸਣਯੋਗ ਹੈ ਕਿ ਇਨ੍ਹਾਂ ਗਤਕਾ ਮੁਕਾਬਲਿਆਂ ਵਿਚ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਪੁੱਜੀਆਂ ੧੬ ਟੀਮਾਂ ਨੇ ਭਾਗ ਲਿਆ। ਗਤਕਾ ਮੁਕਾਬਲਿਆਂ ਵਿੱਚੋਂ ਅਵੱਲ ਆਉਣ ਵਾਲੀਆਂ ਟੀਮਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਗ ਲੈਣ ਵਾਲੀ ਹਰੇਕ ਟੀਮ ਨੂੰ ਵੀ ਸਨਮਾਨ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸ. ਕਰਨੈਲ ਸਿੰਘ ਪੰਜੋਲੀ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਅਵਤਾਰ ਸਿੰਘ ਰਿਆ ਤੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ ਨੇ ਮੌਜੂਦ ਰਹਿ ਕੇ ਗਤਕਾ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ੧੬ ਟੀਮਾਂ ਨੇ ਹੀ ਬਿਹਤਰ ਪੇਸ਼ਕਾਰੀ ਕਰਕੇ ਜੰਗਜੂ ਕਲਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰੇਰਣਾ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜੁਆਨਾਂ ਨੂੰ ਸਿੱਖ ਮਾਰਸ਼ਲ ਆਰਟ ਵੱਲ ਰੁਚਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਤਹਿਤ ਹੀ ਜਿਥੇ ਸਕੂਲਾਂ/ਕਾਲਜਾਂ ਅੰਦਰ ਵਿਦਿਆਰਥੀਆਂ ਨੂੰ ਗਤਕਾ ਸਿਖਲਾਈ ਦਿੱਤੀ ਜਾਂਦੀ ਹੈ, ਉਥੇ ਹੀ ਅਜਿਹੇ ਸਮਾਗਮਾਂ ਦੌਰਾਨ ਵੀ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੁੱਜੇ ਗਤਕਾ ਅਖਾੜਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਸੇਵਕ ਸਿੰਘ, ਸ. ਬਲਵਿੰਦਰ ਸਿੰਘ ਭੰਮਾਰਸੀ, ਸ. ਗੁਰਤੇਜ ਸਿੰਘ ਕਰਨਾਲ ਪ੍ਰਧਾਨ ਗਤਕਾ ਫੈਡਰੇਸ਼ਨ ਆਫ ਇੰਡੀਆ, ਸ. ਹਰਦੀਪ ਸਿੰਘ ਪੰਜਾਬ ਪ੍ਰਧਾਨ, ਸ. ਗੁਰਦੀਪ ਸਿੰਘ ਸ਼ੇਖੂਪੁਰ ਚੇਅਰਮੈਨ, ਸ. ਗੁਰਪ੍ਰੀਤ ਸਿੰਘ ਚੰਡੀਗੜ੍ਹ, ਸ. ਸੁਪ੍ਰੀਤ ਸਿੰਘ ਗਤਕਾ ਕੋਚ, ਸ. ਮਨਜੀਤ ਸਿੰਘ ਟਾਂਡਾ ਜਨਰਲ ਸਕੱਤਰ, ਸ. ਇੰਦਰਪਾਲ ਸਿੰਘ ਹਰਿਆਣਾ ਪ੍ਰਧਾਨ, ਸ. ਹਰਵਿੰਦਰ ਸਿੰਘ ਭੋਲਾ, ਸ. ਹਰਬੰਸ ਸਿੰਘ ਸੁਪਰਵਾਈਜ਼ਰ, ਸ. ਕਰਮਜੀਤ ਸਿੰਘ ਮੀਤ ਮੈਨੇਜਰ, ਸ. ਜਸਬੀਰ ਸਿੰਘ ਤਲਵੰਡੀ ਆਦਿ ਮੌਜੂਦ ਸਨ।