ਅੰਮ੍ਰਿਤਸਰ ੩੦ ਮਈ – ਪਾਕਿਸਤਾਨ ਵਿਖੇ ਪੇਸ਼ਾਵਰ ‘ਚ ਬੀਤੇ ਕੱਲ੍ਹ ਸਿੱਖ ਆਗੂ ਸ. ਚਰਨਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਚਰਨਜੀਤ ਸਿੰਘ ਪੇਸ਼ਾਵਰ ਦਾ ਉਸ ਦੀ ਦੁਕਾਨ ‘ਤੇ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਕਤਲ ਕਰ ਦੇਣਾ ਪਾਕਿਸਤਾਨ ਅੰਦਰ ਸਿੱਖਾਂ ਦੇ ਅਸੁਰੱਖਿਅਤ ਹੋਣ ਦੀ ਤਸਦੀਕ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਅਜੇ ਪਿਛਲੇ ਦਿਨੀਂ ਹੀ ਪਾਕਿਸਤਾਨ ਦੇਸ਼ ਅੰਦਰ ਸੁਰੱਖਿਅਤ ਨਾ ਹੋਣ ਦੇ ਕਾਰਨ ਇੱਕ ਸਿੱਖ ਪਰਿਵਾਰ ਆਪਣੀ ਰੋਜ਼ੀ ਰੋਟੀ, ਘਰ-ਬਾਰ ਛੱਡ ਕੇ ਪੱਕੇ ਤੌਰ ‘ਤੇ ਭਾਰਤ ਅੰਦਰ ਰਹਿਣ ਲਈ ਮਜ਼ਬੂਰ ਹੋਇਆ ਅਤੇ ਹੁਣ ਇੱਕ ਸਿੱਖ ਆਗੂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੂਬਾ ਖੈਬਰ ਪਖਤੂਖਵਾ ਦੇ ਇੱਕ ਮੰਤਰੀ ਦਾ ਵੀ ਕਤਲ ਹੋ ਚੁੱਕਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਕੇ ਕਿਹਾ ਜੇਕਰ ਪਾਕਿਸਤਾਨ ਸਰਕਾਰ ਨੇ ਅਜਿਹੀਆਂ ਘਟਨਾਵਾਂ ਨੂੰ ਨਾ ਰੋਕਿਆ ਤਾਂ ਪਾਕਿਸਤਾਨ ‘ਚ ਵਸਦੇ ਘੱਟ ਗਿਣਤੀ ਸਿੱਖਾਂ ਵਿਚ ਡਰ ਦਾ ਮਾਹੌਲ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਆਗੂ ਦੇ ਕਤਲ ਦੀ ਘਟਨਾ ਛੋਟੀ ਨਹੀਂ ਹੈ ਅਤੇ ਸਰਕਾਰ ਨੂੰ ਸੰਜੀਦਾ ਹੋ ਕੇ ਇਸ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।