ਭਾਰਤ ਤੇ ਪਾਕਿਸਤਾਨ ਦੇ ਸਫਾਰਤਖਾਨੇ ਨੂੰ ਵੀਜ਼ਾ ਸਿਸਟਮ ਨੂੰ ਠੀਕ ਕਰਨ ਦੀ ਜ਼ਰੂਰਤ : ਬੇਦੀ
ਅੰਮ੍ਰਿਤਸਰ 11 ਅਪ੍ਰੈਲ- ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪੂਰੀ ਸ਼ਾਨੋ ਸ਼ੌਕਤ ਨਾਲ ਖਾਲਸਾਈ ਪ੍ਰੰਪਰਾਵਾਂ ਅਨੁਸਾਰ ਖਾਲਸੇ ਦਾ ਸਿਰਜਣਾ ਦਿਹਾੜਾ ਵਿਸਾਖੀ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ੧੨ ਅਪ੍ਰੈਲ ਨੂੰ ਜਥੇਦਾਰ ਅਵਤਾਰ ਸਿੰਘ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਰਵਾਨਾ ਕਰਨਗੇ। ਇਹ ਜਥਾ ਦੱਸ ਦਿਨ ਪਾਕਿਸਤਾਨ ਵਿਚਲੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਉਪਰੰਤ ੨੧ ਅਪ੍ਰੈਲ ਨੂੰ ਮੁੜ ਭਾਰਤ ਪਰਤ ਆਵੇਗਾ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਪਾਕਿਸਤਾਨ) ਵਿਖੇ ਵਿਸਾਖੀ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਜਾਣ ਵਾਲੇ ਜਥੇ ਦੇ ਕੁੱਲ ੮੯੪ ਯਾਤਰੂਆਂ ਦੀ ਸੂਚੀ ਕੇਂਦਰ ਅਤੇ ਪਾਕਿਸਤਾਨ ਸਫਾਰਤਖਾਨੇ ਨੂੰ ਵੀਜ਼ੇ ਜਾਰੀ ਕਰਨ ਲਈ ਭੇਜੀ ਗਈ ਸੀ ਜਿਸ ਵਿੱਚੋਂ ੬੦ ਯਾਤਰੂਆਂ ਦੇ ਨਾਮ ਕੇਂਦਰ ਸਰਕਾਰ ਅਤੇ ਪਾਕਿਸਤਾਨ ਸਫਾਰਤਖਾਨੇ ਵੱਲੋਂ ਬਿਨਾਂ ਕਾਰਨ ਦੱਸੇ ਕੱਟ ਦਿੱਤੇ ਗਏ ਹਨ।ਸ਼ਰਧਾਲੂਆਂ ਦੇ ਕੱਟੇ ਗਏ ਨਾਵਾਂ ਬਾਰੇ ਸ. ਬੇਦੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਨਾਮ ਕੱਟਣ ਦੀ ਬਜਾਏ ਭਾਰਤ ਸਰਕਾਰ ਅਤੇ ਪਾਕਿਸਤਾਨ ਦੇ ਸਫਾਰਤਖਾਨੇ ਨੂੰ ਸਿਸਟਮ ਠੀਕ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਪਾਕਿਸਤਾਨ ਗੁਰਧਾਮਾ ਦੇ ਦਰਸ਼ਨਾ ਨਾਲ ਜੁੜੀਆਂ ਹੋਈਆਂ ਹਨ ਤੇ ਜਦੋਂ ਕਿਸੇ ਯਾਤਰੂ ਦਾ ਨਾਮ ਬਿਨਾਂ ਵਜ੍ਹਾ ਕੱਟਿਆ ਜਾਂਦਾ ਹੈ ਤਾਂ ਉਸ ਦੇ ਮਨ ਨੂੰ ਭਾਰੀ ਠੇਸ ਪੁੱਜਦੀ ਹੈ।ਉਨ੍ਹਾਂ ਵਧੇਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਹੇਠ ਲਿਖੇ ਸੀਰੀਅਲ ਨੰਬਰਾਂ ਦੇ ਕੇਂਦਰ ਸਰਕਾਰ ਤੇ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਨਾਮ ਕੱਟੇ ਗਏ ਹਨ:ਸੀ:ਨੰ:26,32,33,33ਏੇ, 72,73,74,91,190,194,196,207,210,225,235,246,285,286,289,445,451,468,472,473,517,518,519,520, 561, 587,588,589,590,592,601,602,615,628,629,632,637,639,645,646,661,682,688,718,779, 848,860,871,872,891,899,916,927,936,953,963
ਸ੍ਰ: ਬੇਦੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਵਿਸਾਖੀ ਪੁਰਬ ਮਨਾਉਣ ਲਈ ਪਹਿਲਾ ਪ੍ਰੋਗਰਾਮ ੧੦ ਅਪ੍ਰੈਲ ਤੋਂ ੧੯ ਅਪ੍ਰੈਲ ੨੦੧੬ ਤੀਕ ਦਾ ਉਲੀਕਿਆ ਗਿਆ ਸੀ, ਪਰ ਹੁਣ ਪਾਕਿਸਤਾਨ ਸਰਕਾਰ ਵੱਲੋਂ ਨਵੇਂ ਪ੍ਰੋਗਰਾਮ ਤਹਿਤ ਸਿੱਖ ਸ਼ਰਧਾਲੂਆਂ ਦਾ ਇਹ ਜਥਾ ੧੨ ਅਪ੍ਰੈਲ ਨੂੰ ਵਾਹਗਾ ਰੇਲਵੇ ਸਟੇਸ਼ਨ ਰਾਹੀਂ ਸ. ਰਘਬੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ ਪਾਰਟੀ ਲੀਡਰ ਤੇ ਸ. ਹਰਦੇਵ ਸਿੰਘ ਰੋਗਲਾ ਮੈਂਬਰ ਸ਼੍ਰੋਮਣੀ ਕਮੇਟੀ ਡਿਪਟੀ ਪਾਰਟੀ ਲੀਡਰ ਦੀ ਅਗਵਾਈ ਵਿੱਚ ਪਾਕਿਸਤਾਨ ਜਾਵੇਗਾ।ਉਨ੍ਹਾਂ ਕਿਹਾ ਕਿ ੧੩ ਅਪ੍ਰੈਲ ਨੂੰ ਇਹ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪੁਜੇਗਾ।ਉਨ੍ਹਾਂ ਕਿਹਾ ਕਿ ਖਾਲਸੇ ਦੇ ਜਨਮ ਦਿਹਾੜੇ ਸਬੰਧੀ ੧੨ ਅਪ੍ਰੈਲ ਤੋਂ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ੧੪ ਅਪ੍ਰੈਲ ਨੂੰ ਪਾਏ ਜਾਣਗੇ।ਉਨ੍ਹਾਂ ਕਿਹਾ ਕਿ ੧੫ ਅਪ੍ਰੈਲ ਨੂੰ ਇਹ ਜਥਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜਾਵੇਗਾ ਜੋ ੧੬ ਅਪ੍ਰੈਲ ਨੂੰ ਇਸੇ ਅਸਥਾਨ ਪੁਰ ਰਾਤ ਵਿਸ਼ਰਾਮ ਕਰੇਗਾ।
ਸ. ਬੇਦੀ ਨੇ ਕਿਹਾ ਕਿ ੧੭ ਅਪ੍ਰੈਲ ਨੂੰ ਇਹ ਜਥਾ ਗੁਰਦੁਆਰਾ ਸੱਚਾ ਸੌਦਾ (ਫਾਰੂਕਾਬਾਦ) ਲਈ ਰਵਾਨਾ ਹੋਵੇਗਾ ਤੇ ਇਥੋਂ ਵਾਪਸ ਨਨਕਾਣਾ ਸਾਹਿਬ ਆਵੇਗਾ ਜਿਥੋਂ ੧੮ ਅਪ੍ਰੈਲ ਨੂੰ ਜਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪੁੱਜੇਗਾ।ਉਨ੍ਹਾਂ ਦੱਸਿਆ ਕਿ ੧੯ ਅਪ੍ਰੈਲ ਨੂੰ ਇਹ ਜਥਾ ਗੁਰਦੁਆਰਾ ਰੌੜੀ ਸਾਹਿਬ ਏਮਨਾਬਾਦ ਜ਼ਿਲ੍ਹਾ ਗੁਜ਼ਰਾਵਾਲਾ ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ ਦੇ ਦਰਸ਼ਨਾ ਉਪਰੰਤ ਵਾਪਸ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਰਤ ਆਵੇਗਾ।ਉਨ੍ਹਾਂ ਕਿਹਾ ਕਿ ੨੧ ਅਪ੍ਰੈਲ ਨੂੰ ਇਹ ਜਥਾ ਭਾਰਤ ਵਾਪਸ ਪਰਤ ਆਵੇਗਾ।