** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

ਸ਼੍ਰੋਮਣੀ ਕਮੇਟੀ ਵੱਲੋਂ ਦੁਆਬਾ ਤੇ ਹਿਮਾਚਲ ਖੇਤਰ ਵਿਚ ਧਰਮ ਪ੍ਰਚਾਰ ਲਹਿਰ ਆਰੰਭ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਆਰੰਭਤਾ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ।

ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ (         )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਨੂੰ ਪੰਜਾਬ ਦੇ ਦੁਆਬਾ ਖੇਤਰ ਅਤੇ ਨਾਲ ਲੱਗਦੇ ਸੂਬੇ ਹਿਮਾਚਲ ਵਿਚ ਸਰਗਰਮ ਕਰਨ ਲਈ ਅੱਜ ਇਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਬਲਬੀਰ ਸਿੰਘ ਮੁਖੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ, ਭਾਈ ਜਸਵੀਰ ਸਿੰਘ ਪਾਉਂਟਾ ਸਾਹਿਬ, ਭਾਈ ਦਵਿੰਦਰ ਸਿੰਘ ਸੁਹਾਣੇ ਵਾਲੇ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ, ਉਥੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਥਾਵਾਚਕ ਨੇ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਚੱਲਣ ਦੀ ਪ੍ਰੇਰਨਾ ਕੀਤੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਸਮਾਜਕ ਕੁਰੀਤੀਆਂ ਦੇ ਖਿਲਾਫ ਜਿਥੇ ਇਹ ਧਰਮ ਪ੍ਰਚਾਰ ਲਹਿਰ ਆਪਣੀ ਸਾਰਥਕ ਭੂਮਿਕਾ ਦਰਜ ਕਰਵਾਏਗੀ ਉਥੇ ਹੀ ਨੌਜੁਆਨੀ ਨੂੰ ਧਰਮ ਦੇ ਮੁੱਲਵਾਨ ਸਿਧਾਂਤਾਂ ਨਾਲ ਜੋੜਨ ਲਈ ਵੀ ਮਹੱਤਵਪੂਰਨ ਸਿੱਧ ਹੋਵੇਗੀ। ਸਾਨੂੰ ਆਪਣਾ ਜੀਵਨ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿੱਖੀ ਸਿਧਾਂਤਾਂ ਅਨੁਸਾਰ ਜਿਉਣਾ ਚਾਹੀਦਾ ਹੈ ਅਤੇ ਨੌਜੁਆਨੀ ਨੂੰ ਆਪਣੇ ਰੋਲ ਮਾਡਲ ਵੀ ਸਿੱਖ ਸ਼ਖਸੀਅਤਾਂ ਨੂੰ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰਮਤਿ ਸੱਭਿਆਚਾਰ ਦੀਆਂ ਅਮੀਰ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣਾ ਸਿੱਖ ਦਾ ਪਰਮ ਧਰਮ ਕਰਤੱਵ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੀ ਨੌਜਵਾਨੀ ਅੱਜ ਆਪਣੇ ਧਾਰਮਿਕ ਸਰੋਕਾਰਾਂ ਦੀ ਥਾਂ ਪੱਛਮੀਂ ਸਭਿਆਚਾਰ ਵੱਲ ਝੁਕਦੀ ਹੋਈ ਆਪਣੇ ਅਮੀਰ ਵਿਰਸੇ ਤੋਂ ਦੂਰ ਹੋ ਰਹੀ ਹੈ। ਪ੍ਰੋ. ਬਡੂੰਗਰ ਨੇ ਸਿੱਖ ਇਤਿਹਾਸ ਨੂੰ ਦੁਨੀਆ ਦਾ ਸਭ ਤੋਂ ਵਿਲੱਖਣ ਇਤਿਹਾਸ ਦੱਸਦਿਆਂ ਕਿਹਾ ਕਿ ਕਿਸੇ ਵੀ ਕੌਮ ਦੇ ਇਤਿਹਾਸ ਅੰਦਰ ਮਨੁੱਖਤਾ ਲਈ ਕੁਰਬਾਨ ਹੋਣ ਵਾਲਿਆਂ ਦੀ ਇਨੀਂ ਗਿਣਤੀ ਨਹੀਂ, ਜਿੰਨੀ ਸਿੱਖ ਕੌਮ ਕੋਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਆਜ਼ਾਦੀ ਵਿਚ ਸਭ ਤੋਂ ਜ਼ਿਆਦਾ ਸ਼ਹਾਦਤਾਂ ਸਿੱਖਾਂ ਦੀਆਂ ਹਨ ਅਤੇ ਇਸ ਪਿੱਛੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੀ ਹੀ ਪ੍ਰੇਰਨਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਦਾ ਮੁੱਖ ਮਕਸਦ ਵੀ ਇਹੀ ਹੈ ਕਿ ਸੰਗਤ ਅਤੇ ਖਾਸਕਰ ਨੌਜਵਾਨਾਂ ਤੇ ਬੱਚਿਆਂ ਨੂੰ ਗੁਰਮਤਿ ਫਲਸਫੇ, ਸਿੱਖ ਇਤਿਹਾਸ ਅਤੇ ਸਿੱਖ ਰਹਿਣੀ ਨਾਲ ਜੋੜਿਆ ਜਾ ਸਕੇ। ਉਨ੍ਹਾਂ ਪ੍ਰਚਾਰਕ ਸ਼੍ਰੇਣੀ ਨੂੰ ਅਪੀਲ ਕੀਤੀ ਕਿ ਉਹ ਕਥਾ, ਕੀਰਤਨ ਦੇ ਨਾਲ-ਨਾਲ ਨੌਜਵਾਨਾਂ ਤੇ ਬੱਚਿਆਂ ਨਾਲ ਸੰਵਾਦ ਰਚਾਉਣ ਲਈ ਵੀ ਅੱਗੇ ਆਉਣ। ਉਨ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦੀ ਅੱਜ ਚੌਥੀ ਬਰਸੀ ਹੋਣ ਕਰਕੇ ਉਨ੍ਹਾਂ ਦੀ ਸੁਪਤਨੀ ਬੀਬੀ ਅਵਤਾਰ ਕੌਰ, ਪੁੱਤਰ ਸ. ਹਰਦੇਵ ਸਿੰਘ ਅਤੇ ਵੱਡੇ ਭਰਾਤਾ ਬਾਬਾ ਜਰਨੈਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪ੍ਰੋ: ਬਡੂੰਗਰ ਨੇ ਜਿਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਭਾਈ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਹੋਣ ਕਰਕੇ  ਉਨ੍ਹਾਂ ਨੂੰ ਯਾਦ ਕਰਦਿਆਂ ਨਿੱਘੇ ਸ਼ਬਦਾਂ ਰਾਹੀਂ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਹਲਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਆਰੰਭੀ ਗਈ ਇਹ ਧਰਮ ਪ੍ਰਚਾਰ ਲਹਿਰ ਇੱਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਕਾਰਜ ਲਈ ਉਹ ਪੂਰਨ ਤੌਰ ‘ਤੇ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰਨਗੇ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਧਰਮ ਪ੍ਰਚਾਰ ਲਹਿਰ ਗੁਰਮਤਿ ਸੱਭਿਆਚਾਰ ਦੇ ਵਿਗਾਸ ਲਈ ਆਰੰਭ ਕੀਤੀ ਗਈ ਹੈ ਅਤੇ ਇਸ ਪ੍ਰਤੀ ਸੰਜੀਦਾ ਭਾਵਨਾ ਨਾਲ ਸਹਿਯੋਗੀ ਬਣੀਏ। ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਪੁੱਜੀਆਂ ਵੱਖ-ਵੱਖ ਜਥੇਬੰਦੀਆਂ ਦੇ ਮੁਖੀਆਂ, ਧਾਰਮਿਕ ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।    
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰੋ. ਕਿਰਾਪਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ੧ ਜੁਲਾਈ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ ਅਤੇ ਇਸ ਨੂੰ ਘਰ-ਘਰ ਤਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਲਗਾਤਾਰ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸ਼ਾਨਾਂਮੱਤੇ ਇਤਿਹਾਸ ਅਤੇ ਵਿਰਾਸਤ ਨੂੰ ਪ੍ਰਚਾਰਨਾ ਜਿਥੇ ਪ੍ਰਚਾਰਕਾਂ ਦੀ ਅਹਿਮ ਜਿੰਮੇਵਾਰੀ ਹੈ ਉਥੇ ਹੀ ਸੰਗਤਾਂ ਦਾ ਵੀ ਫਰਜ ਹੈ ਕਿ ਉਹ ਇਸ ਕਾਰਜ ਲਈ ਸਹਿਯੋਗ ਦੇਣ।
ਸਮਾਗਮ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਗਰਾਊਂਡ ਵਿਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ੫੫੦ ਬੂਟੇ ਲਾਉਣ ਦੀ ਸ਼ੁਰੂਆਤ ਵੀ ਕੀਤੀ ਗਈ।
ਇਸ ਮੌਕੇ ਬਾਬਾ ਲਾਭ ਸਿੰਘ ਕਾਰ ਸੇਵਾ ਵਾਲੇ, ਬਾਬਾ ਬਲਬੀਰ ਸਿੰਘ ਮੁਖੀ ਪੰਥ ਅਕਾਲੀ ਬੁੱਢਾ ਦਲ, ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਜਰਨੈਲ ਸਿੰਘ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਅਵਤਾਰ ਸਿੰਘ ਟਿੱਬੀ ਵਾਲੇ, ਸੰਤ ਬਾਬਾ ਤੀਰਥ ਸਿੰਘ, ਬਾਬਾ ਗੁਰਦੇਵ ਸਿੰਘ ਮੁਖੀ ਨਿਹੰਗ ਸਿੰਘ ਦਲ ਹੁਸ਼ਿਆਪੁਰ, ਡਾ. ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਬੀਬੀ ਰਣਜੀਤ ਕੌਰ ਮਾਹਿਲਪੁਰੀ, ਪ੍ਰਿੰਸੀਪਲ ਸੁਰਿੰਦਰ ਸਿੰਘ, ਡਾ. ਜੰਗਬਹਾਦਰ ਸਿੰਘ, ਸ. ਜਤਿੰਦਰਪਾਲ ਸਿੰਘ ਮੁਹਾਲੀ, ਸ. ਰਘਵੀਰ ਸਿੰਘ ਸਹਾਰਨਮਾਜਰਾ, ਸ. ਹਰਜਿੰਦਰ ਸਿੰਘ ਧਾਮੀ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ  ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਜਗਜੀਤ ਸਿੰਘ, ਸ. ਰਣਜੀਤ ਸਿੰਘ ਮੈਨੇਜਰ, ਬਾਬਾ ਗੁਰਜੰਟ ਸਿੰਘ, ਬਾਬਾ ਦਿਲਾਵਰ ਸਿੰਘ ਜੱਬੜਵਾਲੇ, ਸ. ਸੁਰਿੰਦਰ ਸਿੰਘ, ਸ. ਅਜਮੇਰ ਸਿੰਘ ਖੇੜਾ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਗੁਰਬਖਸ਼ ਸਿੰਘ ਖਾਲਸਾ, ਸ. ਮੋਹਨ ਸਿੰਘ ਡੂਮੇਵਾਲ, ਸ. ਜਗੀਰ ਸਿੰਘ, ਫੈਡਰੇਸ਼ਨ ਆਗੂ ਸ. ਕਰਨੈਲ ਸਿੰਘ ਪੀਰਮੁਹੰਮਦ, ਸ. ਮੋਹਨ ਸਿੰਘ ਢਾਹੇ ਤੇ ਸ. ਮਨਜਿੰਦਰ ਸਿੰਘ ਅਕਾਲੀ ਆਗੂ, ਸ. ਮਨਜੀਤ ਸਿੰਘ ਬਾਸੋਵਾਲ ਸਰਪੰਚ, ਸ੍ਰੀ ਵਰਿੰਦਰ ਕੁਮਾਰ, ਸ, ਧਰਮਿੰਦਰ ਸਿੰਘ ਤੇ ਸ. ਜਸਵਿੰਦਰ ਸਿੰਘ ਪ੍ਰਧਾਨ ਗ੍ਰੀਨ ਗਲੋਬ ਸਿਟੀਜ਼ਨ, ਸ. ਸਰਵਨ ਸਿੰਘ ਜੁਝਾਰ, ਸ. ਰਣਜੀਤ ਸਿੰਘ, ਸ. ਤਰਨਜੀਤ ਸਿੰਘ ਪ੍ਰਿੰਸੀਪਲ, ਸ. ਕਸ਼ਮੀਰ ਸਿੰਘ ਪ੍ਰਿੰਸੀਪਲ, ਗਿਆਨੀ ਨਛੱਤਰ ਸਿੰਘ ਨੇਤਰਹੀਣ ਵਿਦਿਆਲਾ, ਸ. ਦਰਸ਼ਨ ਸਿੰਘ ਸ਼ਿਵਜੋਤ, ਬਾਬਾ ਗੁਰਚਰਨ ਸਿੰਘ ਬੇਈਹਾਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।