ਅੰਮ੍ਰਿਤਸਰ, 12 ਮਈ ( )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਮਰਯਾਦਾ ਅਨੁਸਾਰ ਚਲਾਉਣ ਦੇ ਨਾਲ-ਨਾਲ ਸਿੱਖ ਧਰਮ ਦਾ ਪ੍ਰਚਾਰ ਅਤੇ ਸਿੱਖ ਸਾਹਿਤ ਦੀ ਪ੍ਰਕਾਸ਼ਨਾ ਕਰਨ ਲਈ ਵੀ ਨਿਰੰਤਰ ਕਾਰਜਸ਼ੀਲ ਹੈ। ਸਿੱਖ ਇਤਿਹਾਸ ਅਤੇ ਫਲਸਫੇ ਨੂੰ ਸੰਗਤਾਂ ਤਕ ਪਹੁੰਚਾਉਣ ਲਈ ਧਰਮ ਪ੍ਰਚਾਰ ਕਮੇਟੀ ਰਾਹੀਂ ਵੱਖ-ਵੱਖ ਕਿਤਾਬਚੇ ਛਾਪ ਕੇ ਭੇਟਾ ਰਹਿਤ ਵੰਡਣੇ ਸ਼੍ਰੋਮਣੀ ਕਮੇਟੀ ਦੀ ਹਮੇਸ਼ਾਂ ਪਹਿਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੁਆਰਾ ‘ਸਰਦਾਰ ਹਰੀ ਸਿੰਘ ਨਲਵਾ’ ਬਾਰੇ ਲਿਖਿਆ ਕਿਤਾਬਚਾ ਲੋਕ ਅਰਪਣ ਕਰਨ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪ੍ਰੌੜ ਸਿੱਖ ਵਿਦਵਾਨਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਿਆ ਹੈ ਅਤੇ ਸਿੱਖ ਅਧਿਐਨ ਸਬੰਧੀ ਵੀ ਕਮੇਟੀ ਦੀ ਗਤੀਸ਼ੀਲਤਾ ਵਿਚ ਕੋਈ ਕਮੀ ਨਹੀਂ ਆਈ। ਉਨ੍ਹਾਂ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੋ. ਕਪੂਰ ਸਿੱਖ ਇਤਿਹਾਸ ‘ਤੇ ਪੁਖਤਗੀ ਨਾਲ ਲਿਖਣ ਵਾਲੇ ਵਿਦਵਾਨ ਲੇਖਕ ਹਨ ਅਤੇ ਇਨ੍ਹਾਂ ਦੀਆਂ ਲਿਖਤਾਂ ਸਿੱਖ ਸਕਾਲਰਾਂ ਲਈ ਮਾਰਗ ਦਰਸ਼ਨ ਦੇ ਰੂਪ ਵਿਚ ਸਥਾਨ ਗ੍ਰਹਿਣ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ ਬਾਰੇ ਜਾਰੀ ਕੀਤਾ ਗਿਆ ਕਿਤਾਬਚਾ ਇਨ੍ਹਾਂ ਦੀ ਕਰੜੀ ਘਾਲਣਾ ਵਿੱਚੋਂ ਰੂਪਮਾਨ ਹੋਇਆ ਹੈ ਅਤੇ ਇਹ ਸਰਦਾਰ ਨਲਵਾ ਦੀ ਜੀਵਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਏਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਸਾਹਿਤ ਦੀ ਪ੍ਰਕਾਸ਼ਨਾ ਲਈ ਲਗਾਤਾਰ ਕਾਰਜ ਜਾਰੀ ਰੱਖੇਗੀ। ਇਸ ਸਬੰਧ ਵਿਚ ਉਨ੍ਹਾਂ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਸਲਾਹਕਾਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਅਮਲ ਵਿਚ ਲਿਆਉਣ ਦੀ ਵਚਨਬੱਧਤਾ ਵੀ ਦੁਹਰਾਈ। ਜਥੇਦਾਰ ਅਵਤਾਰ ਸਿੰਘ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੋਵੀਨਰ ਅਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਵਿਸ਼ੇਸ਼ ਪੁਸਤਕ ਕਾਵਿ-ਰੂਪ ਵਿਚ ਹੋਵੇਗੀ, ਜਿਸ ਵਿਚ ਦਸਮ ਪਾਤਸ਼ਾਹ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਦੇਣ ਨਾਲ ਸਬੰਧਤ ੫੨ ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਹੋਣਗੀਆਂ।
ਇਸ ਮੌਕੇ ਪ੍ਰੋ: ਬਲਕਾਰ ਸਿੰਘ, ਸ. ਰਜਿੰਦਰ ਸਿੰਘ ਮਹਿਤਾ, ਸ. ਦਿਲਜੀਤ ਸਿੰਘ ‘ਬੇਦੀ’, ਡਾ. ਹਰਚੰਦ ਸਿੰਘ ਬੇਦੀ, ਪ੍ਰੋ: ਬਲਵੰਤ ਸਿੰਘ ਢਿੱਲੋਂ, ਸ. ਇੰਦਰਜੀਤ ਸਿੰਘ ਗੋਗੋਆਣੀ, ਸ. ਸੁਖਦੇਵ ਸਿੰਘ ਭੂਰਾਕੋਨਾ, ਸ. ਪਰਮਜੀਤ ਸਿੰਘ ਮੁੰਡਾਪਿੰਡ, ਭਾਈ ਰਾਮ ਸਿੰਘ, ਸ. ਹਰਭਜਨ ਸਿੰਘ ਵਕਤਾ. ਸ. ਪ੍ਰਤਾਪ ਸਿੰਘ, ਸ. ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।