ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦਾ ਜੈ ਪ੍ਰਕਾਸ਼ ਨਰਾਇਣ ਹਵਾਈ ਅੱਡਾ ਸ੍ਰੀ ਪਟਨਾ ਸਾਹਿਬ ਪੁੱਜਣ ‘ਤੇ ਕੀਤਾ ਸਵਾਗਤ
ਸ੍ਰੀ ਨਿਤੀਸ਼ ਕੁਮਾਰ ਵੱਲੋਂ ਦਿੱਤੇ ਗਏ ਸਹਿਯੋਗ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ : 4 ਜਨਵਰੀ ( ) ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਤੋਂ ਆਯੋਜਿਤ ਨਗਰ-ਕੀਰਤਨ ਵਿੱਚ ਸ਼ਾਮਿਲ ਹੋਏ। ਸ੍ਰੀ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਵਿੱਚ ਸਜੇ ਪੰਡਾਲ ਵਿਖੇ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ । ਨਗਰ ਕੀਰਤਨ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੰਗਤਾਂ ਨੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਦਾ ਆਯੋਜਨ ਹੋਇਆ। ਪਾਲਕੀ ਸਾਹਿਬ ਦੇ ਨਾਲ-ਨਾਲ ਗੁਰੂ ਸਾਹਿਬ ਦੇ ਸ਼ਸਤਰਾਂ-ਬਸਤਰਾਂ ਅਤੇ ਹੱਥ ਲਿਖਤ ਪੋਥੀ ਨਾਲ ਸਜੀ ਬੱਸ ਜਾ ਰਹੀ ਸੀ। ਸ਼ਸਤਰਾਂ-ਬਸਤਰਾਂ ਨਾਲ ਸਜੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ ਘੋੜਿਆਂ ਤੇ ਸਵਾਰ ਪੁਰਾਤਨ ਸਿੰਘਾਂ ਦੀ ਯਾਦ ਤਾਜਾ ਕਰ ਰਹੀਆਂ ਸਨ। ਅੱਗੇ-ਅੱਗੇ ਸਕੂਲੀ ਬੈਂਡ, ਗਤਕਾ ਪਾਰਟੀਆਂ ਆਪਣੇ-ਆਪਣੇ ਜੌਹਰ ਦਿਖਾ ਰਹੀਆਂ ਸਨ। ਸਮੂਹ ਧਾਰਮਿਕ ਸਭਾ ਸੁਸਾਇਟੀਆਂ ਨਗਰ-ਕੀਰਤਨ ਵਿੱਚ ਸਤਿਗੁਰੂ ਜੀ ਦੀ ਅੰਮ੍ਰਿਤ ਮਈ ਬਾਣੀ ਦੇ ਕੀਰਤਨ ਕਰ ਰਹੀਆਂ ਸਨ ਤੇ ਸਤਿਨਾਮੁ ਵਾਹਿਗੁਰੂ ਦੇ ਜਾਪੁ ਕਰ ਰਹੀਆਂ ਸਨ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦਾ ਸ੍ਰੀ ਜੈ ਪ੍ਰਕਾਸ਼ ਨਰਾਇਣ ਹਵਾਈ ਅੱਡਾ ਸ੍ਰੀ ਪਟਨਾ ਸਾਹਿਬ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਸ੍ਰ: ਬਾਦਲ , ਡਾ: ਦਲਜੀਤ ਸਿੰਘ ਚੀਮਾ ਤੇ ਪ੍ਰਮੁੱਖ ਸਖ਼ਸ਼ੀਅਤਾਂ ਨਾਲ ਸ੍ਰੀ ਪਟਨਾ ਸਾਹਿਬ ਵਿਖੇ ਗੁਰਮਤਿ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਹਨ।
ਇਸ ਉਪਰੰਤ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗਾਂਧੀ ਮੈਦਾਨ ਵਿਖੇ ਗਤਕਾ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਵਾਈ। ਜਿਸ ਵਿੱਚ ਡਾ: ਮਨਮੋਹਣ ਸਿੰਘ ਭਾਗੋਵਾਲੀਆਂ ਡਾਇਰੈਕਟਰ ਗਤਕਾ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਆਪਣੇ ਜੌਹਰ ਦਿਖਾਏ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮੈਂ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਸਾਹਿਬ-ਏ-ਕਮਾਲ, ਦਸਮ ਪਿਤਾ, ਸਰਬੰਸਦਾਨੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਤੇ ਦੇਸ਼-ਵਿਦੇਸ਼ ਤੋਂ ਸੰਗਤਾਂ ਦਸਮ ਪਿਤਾ ਦੀ ਜਨਮ ਭੂਮੀ ਸ੍ਰੀ ਪਟਨਾ ਸਾਹਿਬ ਤੇ ਦਰਸ਼ਨਾ ਲਈ ਪੁੱਜੀਆਂ ਹਨ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਵੱਲੋਂ ਚਲਾਈ ਗਤਕੇ ਦੀ ਰੀਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਪ੍ਰਫੁੱਲਤ ਕੀਤੀ। ਉਨ੍ਹ@ਾਂ ਪੰਜਾਬ ਸਰਕਾਰ ਤੇ ਸ੍ਰੀ ਨਿਤਿਸ਼ ਕੁਮਾਰ ਮੁੱਖ ਮੰਤਰੀ ਬਿਹਾਰ, ਟੂਰਿਜ਼ਮ ਵਿਭਾਗ ਬਿਹਾਰ, ਲੇਬਰ ਵਿਭਾਗ ਤੇ ਸਮੁੱਚੇ ਪ੍ਰਸ਼ਾਨਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਨਿਤੀਸ਼ ਕੁਮਾਰ ਨੇ ਜੋ ਪਿਆਰ, ਸ਼ਰਧਾ ਤੇ ਸਤਿਕਾਰ ਇਸ ਪਾਵਨ ਦਿਹਾੜੇ ਤੇ ਦਸਮੇਸ਼ ਪਿਤਾ ਨੂੰ ਭੇਟ ਕੀਤਾ ਹੈ ਤੇ ਦੂਰ-ਦੁਰਾਡੇ ਤੋਂ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਜੋ ਪ੍ਰਬੰਧ ਕੀਤੇ ਹਨ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੀ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਮੈਂ ਸਮੁੱਚੇ ਸਿੱਖ ਪੰਥ ਵੱਲੋਂ ਸ੍ਰੀ ਨਿਤੀਸ਼ ਕੁਮਾਰ ਨੂੰ ਇਸ ਪਵਿੱਤਰ ਦਿਹਾੜੇ ਤੇ ਵਧਾਈ ਦੇਂਦਾ ਹਾਂ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਪ੍ਰਬੰਧ ਵਿੱਚ ਟੂਰਿਜ਼ਮ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਬੀਬਾ ਹਰਜੋਤ ਕੌਰ, ਡੀ ਆਈ ਜੀ ਸ੍ਰੀ ਸਾਲਿਨ, ਐਸ ਐਸ ਪੀ ਮਨੂੰ ਮਹਾਰਾਜ ਨੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਨ੍ਹਾਂ ਦੀ ਯੋਗ ਅਗਵਾਈ ਵਿਚ ਹਰ ਤਰ੍ਹਾਂ ਦਾ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ।
ਇਸ ਮੌਕੇ ਸ੍ਰ: ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਸ੍ਰ: ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸ੍ਰ: ਸੁਰਜੀਤ ਸਿੰਘ ਭਿੱਟੇਵਡ ਅੰਤ੍ਰਿੰਗ ਮੈਂਬਰ, ਸ੍ਰ: ਰਜਿੰਦਰ ਸਿੰਘ ਮਹਿਤਾ ਤੇ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਅਵਤਾਰ ਸਿੰਘ ਬਿਦੀਚੰਦੀਏ ਸੁਰਸਿੰਘ ਵਾਲੇ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਕਰਮਜੀਤ ਸਿੰਘ ਤੇ ਬਾਬਾ ਕਾਹਨ ਸਿੰਘ ਸੇਵਾ ਪੰਥੀ, ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਅਕਾਲੀ ਬੁੱਢਾ ਦਲ 96 ਕਰੋੜੀ, ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਬਲਬੀਰ ਸਿੰਘ ਸੀਚੇਵਾਲ, ਸ੍ਰ: ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਤੇ ਸ੍ਰ: ਅਵਤਾਰ ਸਿੰਘ ਹਿੱਤ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਭਾਈ ਕੰਵਰਜੀਤ ਸਿੰਘ, ਗਿਆਨੀ ਭਗਵਾਨ ਸਿੰਘ ਜੌਹਲ ਆਦਿ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।