ਅੰਮ੍ਰਿਤਸਰ : ੧੭ ਦਸੰਬਰ ( ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਆਗਮਨ ਪੁਰਬ ਦੇ ਸਬੰਧ ਵਿਚ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਦਸਮੇਸ਼ ਪ੍ਰਕਾਸ਼ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀਵਨ ਦਰਪਣ) ਕੇਵਲ ਇਤਿਹਾਸਕ ਲੇਖਾਂ ਦੀ ਪੁਸਤਕ ਹੀ ਨਹੀਂ ਬਲਕਿ ਗਿਆਨ ਦਾ ਇਕ ਅਜ਼ੀਮ ਖਜ਼ਾਨਾ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਇਤਿਹਾਸਕ ਦਸਤਾਵੇਜ਼ ਬਣੇਗੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਵੱਲੋਂ ਗੁਰਮਤਿ ਪ੍ਰਕਾਸ਼ ਵਿਚ ਵੱਖ-ਵੱਖ ਸਮਿਆਂ ਦੌਰਾਨ ਪ੍ਰਕਾਸ਼ਿਤ ਕੀਤੇ ਗਏ ਵਿਦਵਾਨ ਲੇਖਕਾਂ ਦੇ ਦੁਰਲੱਭ ਅਤੇ ਇਤਿਹਾਸਕ ਲੇਖਾਂ ਨੂੰ ਪੁਨਰ ਸੰਪਾਦਿਤ ਕਰਕੇ ਤਿਆਰ ਕੀਤੀ ਗਈ ਪੁਸਤਕ ਦਸਮੇਸ਼ ਪ੍ਰਕਾਸ਼ (ਸ੍ਰੀ ਗੁਰੂ ਗੋਬਿੰਦ ਸਿੰਘ ਜੀ: ਜੀਵਨ ਦਰਸ਼ਨ) ਨੂੰ ਲੋਕ ਅਰਪਣ ਕਰਨ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਇਕੱਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਾਹਿਤ ਵਿਚ ਕੌਮਾਂ ਦੀ ਤਕਦੀਰ ਬਦਲਣ ਦੀ ਸਮਰੱਥਾ ਹੁੰਦੀ ਹੈ। ਆਪਣੇ ਵਡਮੁੱਲੇ ਸਾਹਿਤ ਰਾਹੀਂ ਕੌਮਾਂ ਆਪਣੇ ਨਵੇਂ ਇਤਿਹਾਸ ਦੀ ਸਿਰਜਣਾ ਕਰਦੀਆਂ ਹਨ। ਉਨ੍ਹਾਂ ਨੇ ਡਾ. ਰੂਪ ਸਿੰਘ ਵਲੋਂ ਮੁੱਖ ਸੰਪਾਦਕ ਦੇ ਰੂਪ ਵਜੋਂ ਪ੍ਰਕਾਸ਼ਿਤ ਕੀਤੀ ਗਈ ਉਕਤ ਪੁਸਤਕ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਉਪਰੋਕਤ ਕਾਰਜ ਸੰਗਤਾਂ ਨੂੰ ਆਪਣੇ ਅਮੀਰ ਸਿੱਖੀ ਵਿਰਸੇ, ਲਾਸਾਨੀ ਇਤਿਹਾਸ ਖਾਸ ਕਰਕੇ ਦਸਮੇਸ਼ ਪਿਤਾ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਣ ਵਿਚ ਸਹਾਈ ਸਿੱਧ ਹੋਣਗੇ।
ਦਸਮੇਸ਼ ਪ੍ਰਕਾਸ਼ ਪੁਸਤਕ ਦੇ ਮੁੱਖ ਸੰਪਾਦਕ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਉਕਤ ਪੁਸਤਕ ਅੰਦਰ ਉਘੇ ਸਿੱਖ ਵਿਦਵਾਨਾਂ ਤੇ ਲੇਖਕਾਂ ਵੱਲੋਂ ਲਿਖੇ ਗਏ ਖੋਜ ਭਰਪੂਰ ਲੇਖ ਪੁਨਰ ਸੰਪਾਦਿਤ ਕਰਕੇ ਪ੍ਰਕਾਸ਼ਿਤ ਕੀਤੇ ਗਏ ਹਨ ਜੋ ਕਲਗੀਧਰ ਪਿਤਾ ਜੀ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਉਭਾਰਦਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਜੀਵਨ ਤੇ ਸ਼ਖਸੀਅਤ, ਦੂਸਰੇ ਭਾਗ ਵਿਚ ਬਾਣੀ ਤੇ ਵਿਚਾਰਧਾਰਾ ਅਤੇ ਤੀਸਰੇ ਭਾਗ ਵਿਚ ਅੰਤਿਕਾਵਾ ਹਨ। ਸਮਾਗਮ ਦੌਰਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਮੇਸ਼ ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ: ਜੀਵਨ ਦਰਸ਼ਨ ਨੂੰ ਲੋਕ ਅਰਪਿਤ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਸ. ਹਰਚਰਨ ਸਿੰਘ ਮੁੱਖ ਸਕੱਤਰ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਪ੍ਰਿਤਪਾਲ ਸਿੰਘ ਲੁਧਿਆਣਾ, ਸ. ਸੁਖਵਰਸ਼ ਸਿੰਘ ਆਦਿ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਹਨ।