ਹੋਂਦ ਚਿੱਲੜ ਕਾਂਡ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੀ ਕੀਤੀ ਮੰਗ
ਅੰਮ੍ਰਿਤਸਰ, 06 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਵਾਉਣ ਲਈ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹੋਂਦ ਚਿੱਲੜ ਵਿਖੇ ਹੋਇਆ ਸਿੱਖ ਕਤਲੇਆਮ ਮਨੁੱਖਤਾ ਤੋਂ ਕੋਹਾਂ ਦੂਰ ਉਹ ਕਰੂਰ ਕਾਰਾ ਹੈ ਜਿਸਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਇਸ ਕਤਲੇਆਮ ਵਿਚ ਜਿੱਥੇ ੩੨ ਨਿਰਦੋਸ਼ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਥੇ ਹੀ ਸਿੱਖਾਂ ਦੀ ਜਾਇਦਾਦ ਤੇ ਘਰ-ਘਾਟ ਵੀ ਸਾੜ ਦਿੱਤੇ ਗਏ ਸਨ। ਦੁੱਖ ਦੀ ਗੱਲ ਹੈ ਕਿ ਜਾਂਚ ਕਮਿਸ਼ਨ ਵੱਲੋਂ ਦੋਸ਼ੀ ਪਾਏ ਗਏ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਅਜੇ ਤੀਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੱਤਰ ਵਿਚ ਮੰਗ ਕੀਤੀ ਕਿ ਜਾਂਚ ਕਮਿਸ਼ਨ ਜਸਟਿਸ ਟੀ.ਪੀ. ਗਰਗ ਦੀ ਰਿਪੋਰਟ ਵਿਚ ਦੋਸ਼ੀ ਪਾਏ ਗਏ ਐਸ.ਪੀ. ਸਤੇਂਦਰ ਕੁਮਾਰ, ਡੀ.ਐਸ.ਪੀ. ਰਾਮ ਭੋਜ, ਸਬ ਇੰਸਪੈਕਟਰ ਰਾਮ ਕਿਸ਼ੋਰ ਤੇ ਹੈਡ ਕਾਂਸਟੇਬਲ ਰਾਮ ਕੁਮਾਰ ਖਿਲਾਫ ਧਾਰਾ ੩੦੨, ੪੩੬, ੩੯੫, ੧੨੦-੮, ੨੧੭, ੨੧੮, ੨੨੦, ੨੨੧ ਤੇ ੨੨੨ ਆਈ.ਪੀ.ਸੀ ਤਹਿਤ ਤੁਰੰਤ ਪਰਚਾ ਦਰਜ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਜਾਂਚ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਦੇ ਸਮੇਂ ਦੌਰਾਨ ਵੱਖ-ਵੱਖ ਗਵਾਹਾਂ ਵੱਲੋਂ ਆਪਣੀਆਂ ਕਲੇਮ ਪਟੀਸ਼ਨਾਂ ਵੀ ਪਾਈਆਂ ਗਈਆਂ ਸਨ ਅਤੇ ਇਨ੍ਹਾਂ ਗਵਾਹਾਂ ਵੱਲੋਂ ਜਾਂਚ ਕਮਿਸ਼ਨ ਨੂੰ ਕਤਲੇਆਮ ਦੇ ਦੋਸ਼ੀਆਂ ਦੀ ਵਿਸਥਾਰਤ ਜਾਣਕਾਰੀ ਵੀ ਦਿੱਤੀ ਗਈ ਸੀ। ਗਵਾਹਾਂ ਤੇ ਪਟੀਸ਼ਨਰਾਂ ਅਨੁਸਾਰ ਕੇਵਲ ਇਹ ੪ ਪੁਲਿਸ ਕਰਮਚਾਰੀ ਹੀ ਦੋਸ਼ੀ ਨਹੀਂ ਸਗੋਂ ਹੋਰ ਵੀ ਬਹੁਤ ਲੋਕ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਸ ਕਤਲੇਆਮ ਦੇ ਸੱਚ ਨੂੰ ਤੁਰੰਤ ਸਾਹਮਣੇ ਲਿਆਉਣ ਲਈ ਲਿਖਦਿਆਂ ਕਿਹਾ ਹੈ ਕਿ ਇਸ ਨਾਲ ਸਬੰਧਤ ਹਰ ਦੋਸ਼ੀ ਦੇ ਖਿਲਾਫ ਤੁਰੰਤ ਪਰਚਾ ਦਰਜ ਕਰ ਕੇ ਸਿੱਖਾਂ ਨੂੰ ਇਨਸਾਫ ਦੁਆਇਆ ਜਾਵੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਨਾਲ ਲੋਕਾਂ ਵਿਚ ਸੁਰੱਖਿਅਤ ਹੋਣ ਦੀ ਭਾਵਨਾ ਪੈਦਾ ਹੋਵੇਗੀ ਤੇ ਅੱਗੋਂ ਤੋਂ ਸਮਾਜ ਦੇ ਕਿਸੇ ਵੀ ਵਰਗ ਦੀ ਨਸਲਕੁਸ਼ੀ ਨਹੀਂ ਹੋਵੇਗੀ।