ਅੰਮ੍ਰਿਤਸਰ, ੯ ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਬੰਗਾਲ ਦੇ ਉਘੇ ਸਿਆਸਤਦਾਨ ਸ. ਗਿਆਨ ਸਿੰਘ ਸੋਹਨਪਾਲ ਦੇ ਅਕਾਲ ਚਲਾਣੇ ‘ਤੇ ਡੂੰਘਾ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੀ ਸਿਆਸਤ ਵਿਚ ਕਈ ਦਹਾਕੇ ਸਰਗਰਮ ਰਹੇ ਸ. ਸੋਹਨਪਾਲ ਨੇ ਬੰਗਾਲ ਵਿਚ ਸਿੱਖਾਂ ਦੀ ਵੱਖਰੀ ਪਛਾਣ ਕਾਇਮ ਕੀਤੀ ਸੀ। ਉਨ੍ਹਾਂ ਦਾ ਸਿਆਸੀ ਸਫਰ ਬਹੁਤ ਲੰਮਾ ਹੈ ਜਿਸ ਦੌਰਾਨ ਉਹ ਲਗਭਗ ੧੦ ਵਾਰ ਵਿਧਾਇਕ ਚੁਣੇ ਗਏ। ਪ੍ਰੋ: ਬਡੂੰਗਰ ਨੇ ਕਿਹਾ ਕਿ ਸ. ਸੋਹਨਪਾਲ ਬੜੇ ਸੁਹਿਰਦ ਤੇ ਉਘੇ ਸਿਆਸਤਦਾਨ ਸਨ, ਜਿਨ੍ਹਾਂ ਦਾ ਰਾਜਨੀਤੀ ਵਿਚ ਪਾਇਆ ਵਡਮੁੱਲਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਵੱਲੋਂ ਬਾਰ-ਬਾਰ ਸ. ਸੋਹਨਪਾਲ ਨੂੰ ਵਿਧਾਇਕ ਚੁਣਨਾ ਇਸ ਗੱਲ ਦਾ ਗਵਾਹ ਹੈ ਕਿ ਉਹ ਹਮੇਸ਼ਾ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਦੇ ਰਹੇ।
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਨਸਾਨ ਹਮੇਸ਼ਾ ਆਪਣੇ ਕਰਮਾਂ ਕਰਕੇ ਹੀ ਜਾਣਿਆ ਜਾਂਦਾ ਹੈ ਅਤੇ ਸ. ਗਿਆਨ ਸਿੰਘ ਸੋਹਨਪਾਲ ਵੱਲੋਂ ਕੀਤੇ ਸਮਾਜ ਭਲਾਈ ਦੇ ਕਾਰਜ ਹਮੇਸ਼ਾ ਉਨ੍ਹਾਂ ਦੀ ਯਾਦ ਦਿਵਾਉਂਦੇ ਰਹਿਣਗੇ। ਪ੍ਰੋ: ਬਡੂੰਗਰ ਨੇ ਕਿਹਾ ਮੇਰੀ ਅਰਦਾਸ ਹੈ ਕਿ ਪਰਮਾਤਮਾ ਸ. ਸੋਹਨਪਾਲ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਵੀ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।